ਮੋਦੀ ਤੇ ਫਿਰ ਵਿੱਤ ਮੰਤਰੀ ਸੀਤਾਰਮਨ ਵੱਲੋਂ ਕਿਸਾਨਾਂ ਲਈ ਐਲਾਨ ਕੀਤੇ ਗਏ ਪੈਕੇਜ ਨੂੰ ਕਿਸਾਨਾਂ ਨਾਲ ਕੋਝਾ ਮਜਾਕ

ਪਟਿਆਲਾ (ਅਰਵਿੰਦਰ ਜੋਸ਼ਨ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਫਿਰ ਵਿੱਤ ਮੰਤਰੀ ਸੀਤਾਰਮਨ ਵੱਲ ਕਿਸਾਨਾਂ ਲਈ ਐਲਾਨ ਕੀਤੇ ਗਏ ਪੈਕੇਜ ਨੂੰ ਕਿਸਾਨਾਂ ਵਾਸਤੇ ਬਿਲਕੁਲ ਕੋਝਾ ਮਜਾਕ ਅਤੇ ਧੋਖਾ ਦਸਦਿਆਂ ਕਿਹਾ ਕਿ ਸਾਡੀ ਕਿਸਾਨ ਜਥੇਬੰਦੀ, ਆਪਣੇ ਤੌਰ ‘ਤੇ ਵੀ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਮਿਲ ਕੇ ਵੀ, ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਕਿਸਾਨਾਂ ਨੂੰ ਕਰੋਨਾ ਲੌਕ ਡਾਊਨ ਦੇ ਇਵਜ਼ ‘ਚ ਪ੍ਰਤੀ ਫੈਮਿਲੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ, ਇਸੇ ਤਰ੍ਹਾਂ ਪੀ.ਐੱਮ ਕਿਸਾਨ ਯੋਜਨਾ ਜਿਸ ਵਿੱਚ ਦੋ ਹਜ਼ਾਰ ਰੁਪਏ ਕੁੱਲ ਛੇ ਹਜ਼ਾਰ ਰੁਪਏ ਕਿਸਾਨਾ ਨੂੰ ਦਿੱਤੇ ਜਾਂਦੇ ਹਨ ਨੂੰ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਸਾਲ ਪ੍ਰਤੀ ਕਿਸਾਨ ਪਰਿਵਾਰ ਕੀਤਾ ਜਾਵੇ, ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਲੀਕ ਮਾਰੀ ਜਾਵੇ ਘੱਟੋ ਘੱਟ ਇਸ ਛਿਮਾਹੀ ਦੇ ਕਰਜੇ ਖ਼ਤਮ ਕਰਕੇ ਸਾਉਣੀ ਦੇ ਕਰਜ਼ੇ ਦੇਣ ਦੀ ਗਾਰੰਟੀ ਕੀਤੀ ਜਾਵੇ।”

ਪ੍ਰੈੱਸ ਦੇ ਨਾਮ ਉਪਰੋਕਤ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਅਤੇ ਅਵਤਾਰ ਸਿੰਘ ਪ੍ਰਚਾਰ ਸਕੱਤਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਨੇ ਜਾਨ ਤਲੀ ਤੇ ਰੱਖ ਕੇ ਖੇਤੀ ਦੀ ਸੰਭਾਲ ਕੀਤੀ, ਮੰਡੀਆਂ ਵਿੱਚ ਫਸਲਾਂ ਲਿਆਂਦੀਆਂ। ਲਗਾਤਾਰ ਮਾਰਚ ਦੇ ਤੀਸਰੇ ਹਫਤੇ ਤੋਂ ਲੈ ਕੇ ਮਈ ਦੇ ਅੱਜ ਤੀਸਰੇ ਹਫਤੇ ਦੇ ਸ਼ੁਰੂ ਹੋਣ ਤੱਕ ਦੇਸ਼ ਦੇ ਇੱਕ ਅਰਬ ਤੇ ਤੀਹ ਕਰੋੜ ਲੋਕਾਂ ਨੂੰ ਘਰਾਂ ਵਿੱਚ, ਹਸਪਤਾਲਾਂ ਅਤੇ ਕੈਂਪਾਂ ਵਿੱਚ ਆਟਾ, ਚਾਵਲ, ਸਬਜ਼ੀਆਂ, ਦੁੱਧ, ਦਾਲਾਂ ਅਤੇ ਫਲ ਜੋ ਵੀ ਸਾਰਿਆਂ ਦੇ ਜਿਉਂਦੇ ਰਹਿਣ ਲਈ ਜਰੂਰੀ ਸੀ, ਸਾਰਾ ਕੁਝ ਉਥੇ ਪਹੁੰਚਿਆ। ਬਾਰਸ਼ਾਂ ਨੇ, ਗੜੇਮਾਰੀ ਨੇ ਅਤੇ ਝੱਖੜਾਂ ਨੇ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਰ ਕੋਈ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਦਾ ਐਲਾਨ ਨਹੀਂ ਕੀਤਾ ਗਿਆ।   ਚਾਹੀਦਾ ਤਾਂ ਇਹ ਸੀ ਕਿ ਉਹ ਮਹਾਂਮਾਰੀ ਕਰਕੇ ਅਤੇ ਮੌਸਮ ਦੀ ਖਰਾਬੀ ਕਰਕੇ ਕਿਸਾਨਾਂ ਦੇ ਪਿਛਲੇ ਛੇ ਮਹੀਨਿਆਂ ਦੇ ਕਰਜ਼ਿਆਂ ਉੱਤੇ ਲਕੀਰ ਮਾਰ ਕੇ ਅੱਗੇ ਤੋਂ ਕਰਜ਼ਾ ਮਿਲਣ ਦੀ ਗਾਰੰਟੀ ਕੀਤੀ ਜਾਂਦੀ, ਪਰ ਅਜਿਹਾ ਕੁਝ ਨਹੀਂ ਕੀਤਾ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪਜਾਬ ਦੇ ਆਗੂਆਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਬੋਲੇ ਝੂਠ ਤੇ ਹੈਰਾਨੀ ਹੁੰਦੀ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨ ਕਰਦਾ ਹੈ ਕਿ “ਮੈਂ ਜੀ.ਡੀ.ਪੀ ਦਾ 10% ਭਾਵ 20 ਲੱਖ ਕਰੋੜ ਰੁਪਏ ਦਾ  ਪੈਕੇਜ ਅਨਾਊਂਸ ਕਰਨ ਜਾ ਰਿਹਾ ਹਾਂ।” ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿ ਇਸ 20 ਲੱਖ ਕਰੋੜ ਦੇ ਐਲਾਨ ਚੋਂ ਉਹ 9.74 ਲੱਖ ਕਰੋੜ ਤਾਂ ਮੋਦੀ ਸਾਹਿਬ ਦੀ ਸਰਕਾਰ ਪਹਿਲਾਂ ਹੀ ਲੌਕ ਡਾਊਨ ਸ਼ੁਰੂ ਹੋਣ ਵੇਲੇ ਹੀ ਐਲਾਨ ਕਰ ਚੁੱਕੀ ਸੀ ਤੇ ਹੁਣ ਕੇਵਲ10.26 ਲੱਖ ਕਰੋੜ ਦੇ ਪੈਕੇਜ ਦੀ ਰਕਮ ਹੀ ਵੰਡੀ ਜਾ ਰਹੀ ਹੈ, ਜਿਸ ਵਿੱਚੋਂ ਕਿਸਾਨਾਂ ਦੇ ਹਿੱਸੇ ਕੇਵਲ 2.36 ਲੱਖ ਕਰੋੜ ਹੀ ਆਇਆ, ਹੈ ਨਾਂ 100% ਝੂਠ।

ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 3 ਕਰੋੜ ਸੀਮਾਂਤ ਕਿਸਾਨ ਪਹਿਲਾਂ ਹੀ 4 ਲੱਖ ਕਰੋੜ ਰੁਪਿਆ ਕਰਜ਼ਾ ਲੈ ਚੁੱਕੇ ਹਨ। ਇਸੇ ਤਰ੍ਹਾਂ 2.5 ਕਰੋੜ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਿਆਇਤੀ ਕਰਜ਼ਾ ਦਿੱਤਾ ਜਾਵੇਗਾ। ਇਹ ਕਰਜ਼ੇ ਇਸ ਸਾਉਣੀ ਦੀ ਫ਼ਸਲ ਅਤੇ ਅਗਲੀ ਦੀ ਹਾੜ੍ਹੀ ਦੀ ਫਸਲ ਤੱਕ ਐਲਾਨੇ ਗਏ ਹਨ ਜਦੋਂ ਕਿ ਕਰੋਨਾ ਲਾਕਡਾਊਨ ਸਮੇਂ ਦੇ ਕਰਜ਼ਿਆਂ ਉੱਤੇ ਕੋਈ ਛੋਟ ਨਾ ਦੇ ਕੇ ਬੱਸ ਕਰਜ਼ਿਆਂ ਉੱਤੇ ਵਿਆਜ ਨੂੰ 31 ਮਈ ਤੱਕ ਅੱਗੇ ਹੀ ਪਾਇਆ ਹੈ।

ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ C+50% ਪਾ ਕੇ ਫਸਲਾਂ ਦੇ ਭਾਅ ਦੀ ਮੰਗ ਬਾਰੇ ਕੁੱਝ ਕਹਿਣ ਦ ਬਜਾਏ ਸਗੋਂ ਦੂਜੇ ਪਾਸਿਓਂ ਇਹ ਅੰਕੜਾ ਦੇ ਦਿੱਤਾ ਹੈ ਕਿ 67 ਹਜ਼ਾਰ ਕਰੋੜ ਰੁਪਿਆ ਕੇਂਦਰ ਨੇ ਰਾਜ ਸਰਕਾਰਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਖ਼ਰੀਦਣ ਵਾਸਤੇ ਦਿੱਤਾ ਜਦੋਂ ਕਿ ਇਹ ਹਰ ਸਾਲ ਹੀ ਦਿੱਤਾ ਜਾਂਦਾ ਹੈ ਕੋਈ ਨਵੀਂ ਗੱਲ ਨਹੀਂ ਕੀਤੀ। ਕਿਉਂਕਿ ਹਵਾਈ ਜਹਾਜਾਂ ਦੀਆਂ ਕੰਪਨੀਆਂ ਨੂੰ 22ਰੁਪਏ54 ਪੈਸੇ ਡੀਜ਼ਲ ਦੇਣ ਦਾ ਕੇਂਦਰ ਨੇ ਵਾਅਦਾ ਕੀਤਾ ਹੈ ਆਗੂਆਂ ਨੇ ਡੀਜ਼ਲ ਦਾ ਰੇਟ 22.00 ਰੁਪਏ ਪ੍ਰਤੀ ਲਿਟਰ ਕਰਨ ਦੀ ਮੰਗ ਕੀਤੀ।

Share This :

Leave a Reply