ਪਟਿਆਲਾ (ਅਰਵਿੰਦਰ ਸਿੰਘ) ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਦੀ ਟਰੈਫਿਕ ਵਿਵਸਥਾ ਸੁਧਾਰਨ ਅਤੇ ਸ਼ਹਿਰ ਦੇ 50 ਹਜ਼ਾਰ ਤੋਂ ਵੱਧ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸਰਹਿੰਦ ਰੋਡ ਤੋਂ ਡਕਾਲਾ ਰੋਡ ਤੱਕ ਸਿਟੀ ਰਿੰਗ ਰੋਡ ਬਣਾਉਣ ਦੀ ਤਜਵੀਜ਼ ਭੇਜੀ ਹੈ। ਜੇਕਰ ਇਸ ਤਜਵੀਜ ਨੂੰ ਮੁੱਖ ਮੰਤਰੀ ਵੱਲੋਂ ਸਿਟੀ ਰਿੰਗ ਰੋਡ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਉਸ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਵੱਡੇ ਪੱਧਰ ‘ਤੇ ਸਹਾਇਤਾ ਮਿਲ ਸਕੇਗੀ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਸਰਹਿੰਦ ਰੋਡ ਤੋਂ ਫੈਕਟਰੀ ਏਰੀਏ ਦੀ ਬੰਧਾ ਰੋਡ ਸੜਕ ਮਾਲ ਰਿਕਾਰਡ ਅਨੁਸਾਰ ਕਰੀਬ 80 ਫੁੱਟ ਚੌੜੀ ਹੈ। ਫੈਕਟਰੀ ਏਰੀਏ ਦੀ ਬੰਧਾ ਰੋਡ ਦੇ ਨਾਲ ਖੁੱਲ੍ਹੇ ਨਾਲੇ ਨੂੰ ਜੇਕਰ ਪਾਈਪ ਪਾ ਕੇ ਬੰਦ ਕਰਕੇ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਇੱਥੋਂ ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਮਿਲੇਗਾ। ਇਸ ਤਜਵੀਜ਼ ਅਨੁਸਾਰ ਸਰਹਿੰਦ ਰੋਡ ਤੋਂ ਫੈਕਟਰੀ ਏਰੀਏ ਤੋਂ ਬੰਧਾ ਰੋਡ ਤੋਂ ਹੁੰਦੇ ਹੋਏ ਰੇਲਵੇ ਲਾਈਨ ਤੱਕ 80 ਫੁੱਟ ਚੌੜੀ ਸੜਕ, ਰੇਲਵੇ ਲਾਈਨ ‘ਤੇ ਇੱਕ ਫਲਾਈ ਓਵਰ ਬ੍ਰਿਜ ਤੋਂ ਸੜਕ ਨੂੰ ਦੂਸਰੇ ਪਾਰ ਤਫੱਜਲਪੁਰਾ ਦੀ ਬੰਧਾ ਰੋੜ ਨਾਲ ਮਿਲਾਉਂਦੇ ਹੋਏ ਬੀਰ ਜੀ ਦੀਆਂ ਮੜ੍ਹੀਆਂ ਕੋਲੋਂ ਦੀ ਹੁੰਦੇ ਹੋਏ ਰਾਜਪੁਰਾ ਰੋਡ ਨਾਲ ਜੋੜਿਆ ਜਾਵੇ। ਇਸ ਤੋਂ ਅੱਗੇ ਰਾਜਪੁਰਾ ਰੋਡ ਤੋਂ ਸਨੌਰ ਰੋਡ ਤੱਕ ਪਹਿਲਾਂ ਹੀ ਸੜਕ ਨੂੰ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਸਨੌਰ ਰੋਡ ਤੋਂ ਘਲੋੜੀ ਗੇਟ ਤੱਕ ਸੜਕ ਵੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ। ਘਲੋੜੀ ਗੇਟ ਤੋਂ ਛੋਟੀ ਨਦੀ ਦੀ ਬੰਧਾ ਰੋਡ ਦੀ ਚੌੜਾਈ ਨੂੰ ਵਧਾਉਂਦੇ ਹੋਏ ਡਕਾਲਾ ਰੋਡ ਤੱਕ ਮਿਲਾ ਕੇ ਸ਼ਹਿਰ ਨੂੰ ਨਵਾਂ ਸਿਟੀ ਰਿੰਗ ਰੋਡ ਦਿੱਤਾ ਜਾ ਸਕਦਾ ਹੈ। ਇਸ ਤਜਵੀਜ਼ਸੁਦਾ ਰਿੰਗ ਰੋਡ ਦੇ ਨੇੜੇ ਵਾਲੀਆਂ ਕਲੋਨੀਆਂ ਦੇ ਨਾਲ-ਨਾਲ ਦਰਜਨਾਂ ਸਲੱਮ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ। ਮੇਅਰ ਸ੍ਰੀ ਸ਼ਰਮਾ ਨੇ ਕਿਹਾ ਕਿ ਸਰਹਿੰਦ ਰੋਡ ਤੋਂ ਡਕਾਲਾ, ਸਨੌਰ ਜਾਂ ਹਰਿਆਣਾ ਵੱਲ ਨੂੰ ਜਾਣ ਵਾਲੀ ਟਰੈਫਿਕ ਨੂੰ ਸ਼ਹਿਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਇਸੇ ਤਰ੍ਹਾਂ ਹਰਿਆਣਾ, ਸਨੌਰ ਅਤੇ ਦੇਵੀਗੜ੍ਹ ਵੱਲੋਂ ਆਉਣ ਵਾਲੀ ਟਰੈਫਿਕ ਇਸ ਰਿੰਗ ਰੋਡ ਤੋਂ ਹੁੰਦੀ ਹੋਈ ਸਿੱਧਾ ਸਰਹਿੰਦ ਰੋਡ ‘ਤੇ ਪਹੁੰਚ ਸਕੇਗੀ। ਇਸ ਤਜਵੀਜਤ ਰਿੰਗ ਰੋਡ ਨੂੰ ਤਿਆਰ ਕਰਨ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ ਕਿਉਂਕਿ ਫੈਕਟਰੀ ਏਰੀਏ ਦੀ ਬੰਧਾ ਰੋਡ ਦੇ ਨਾਲ ਖੁੱਲ੍ਹਾ ਨਾਲਾ ਉੱਥੇ ਵੱਸਦੇ ਲੋਕਾਂ ਲਈ ਕਿਸੇ ਨਰਕ ਤੋਂ ਘੱਟ ਨਹੀਂ ਹੈ। ਇਸੇ ਤਰ੍ਹਾਂ ਛੋਟੀ ਨਦੀ ਦੇ ਕਿਨਾਰੇ ਸਥਿਤ ਤਫੱਜਲਪੁਰਾ, ਨਵਾਂ ਬਿਸ਼ਨ ਨਗਰ, ਸੁੰਦਰ ਨਗਰ, ਮਥੁਰਾ ਕਲੋਨੀ, ਪ੍ਰੇਮ ਕਲੋਨੀ, ਕ੍ਰਿਸ਼ਨ ਨਗਰ, ਸੰਜੇ ਕਲੋਨੀ ਅਤੇ ਧੱਕਾ ਕਲੋਨੀ ਦੇ ਲੋਕਾਂ ਨੂੰ ਇਸ ਦਾ ਬਹੁਤ ਲਾਭ ਮਿਲ ਸਕੇਗਾ। ਇਸ ਰਿੰਗ ਰੋਡ ਨੂੰ ਵਿਕਸਿਤ ਕਰਨ ਨਾਲ ਸ਼ਹਿਰ ਦੇ ਲੋਕਾਂ ਦਾ ਕਾਰੋਬਾਰ ਵੀ ਵੱਧੇਗਾ ਅਤੇ ਸ਼ਹਿਰ ਦੀ ਅੰਦਰੂਨੀ ਸੜਕ ‘ਤੇ ਵੱਧਦੇ ਟਰੈਫਿਕ ਨੂੰ ਵੀ ਘੱਟ ਕੀਤਾ ਜਾ ਸਕੇਗਾ। ਇਸ ਸਮੇਂ ਘਲੋੜੀ ਗੇਟ, ਸਨੌਰ ਰੋਡ ਅਤੇ ਡਕਾਲਾ ਵੱਲ ਤੋਂ ਆਉਣ ਵਾਲਾ ਸਾਰਾ ਟਰੈਫਿਕ ਸਰਹਿੰਦ ਰੋਡ ‘ਤੇ ਜਾਣ ਲਈ ਬੱਸ ਅੱਡੇ ਦੇ ਨਾਲ-ਨਾਲ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਤੋਂ ਹੋ ਕੇ ਸਰਹਿੰਦ ਰੋਡ ‘ਤੇ ਜਾਂਦਾ ਹੈ। ਇਸ ਸਮੇਂ ਚਾਰੇ ਪਾਸੇ ਦਾ ਟਰੈਫਿਕ ਦੁੱਖ ਨਿਵਾਰਣ ਸਾਹਿਬ ਚੌਂਕ ਵਿੱਚ ਇਕੱਠਾ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਅਰ ਸੰਜੀਵ ਬਿੱਟੂ ਨੇ ਉਮੀਦ ਜਤਾਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਰੁਚੀ ਦਿਖਾ ਰਹੇ ਹਨ। ਇਸ ਲਈ ਉਹ ਇਸ ਤਜਵੀਜ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਇਸ ਤਜਵੀਜ ਨੂੰ ਮਨਜੂਰ ਕਰਵਾਉਣ ਲਈ ਉਹ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਤੋਂ ਪਹਿਲਾਂ ਹੀ ਸਹਿਮਤੀ ਲੈ ਚੁੱਕੇ ਹਨ।
2020-03-17