ਸੈਨਿਕ ਨੂੰ 25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
ਚੰਡੀਗੜ੍ਹ, 4 ਦਸੰਬਰ:
ਦੇਸ਼ ਦੀ ਸੇਵਾ ਕਰ ਰਹੇ ਬਹਾਦਰ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਮ ਹਾਲਾਤ ਵਿੱਚ ਜਾਨ ਗੁਆਉਣ (ਫਿਜ਼ੀਕਲ ਕੈਜ਼ੁਐਲਿਟੀ) ਵਾਲੇ ਹਥਿਆਰਬੰਦ ਬਲਾਂ ਦੇ 86 ਜਵਾਨਾਂ ਲਈ 21.50 ਕਰੋੜ ਰੁਪਏ (ਪ੍ਰਤੀ ਸੈਨਿਕ 25 ਲੱਖ ਰੁਪਏ) ਦੇ ਐਕਸ-ਗ੍ਰੇਸੀਆ ਨੂੰ ਮਨਜੂਰੀ ਦਿੱਤੀ।
ਇੱਥੇ ਆਪਣੀ ਸਰਕਾਰੀ ਰਿਹਾਇਸ ’ਤੇ ਅੱਜ ਸਵੇਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਨ੍ਹਾਂ ਬਹਾਦਰ ਸੈਨਿਕਾਂ ਦੇ ਵਡਮੁੱਲੇ ਯੋਗਦਾਨ ਦੇ ਸਤਿਕਾਰ ਵਿੱਚ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਵੱਲੋਂ ਸੁਰੂ ਕੀਤੀ ਇਸ ਐਕਸ-ਗ੍ਰੇਸੀਆ ਰਾਸੀ ਨੂੰ ਤੁਰੰਤ ਜਾਰੀ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਵਿਵਸਥਾ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਹੈ ਕਿਉਂਕਿ ਇਹ ਬਹਾਦਰ ਯੋਧੇ ਡਿਊਟੀ ਦੌਰਾਨ ਜਾਨੀ ਨੁਕਸਾਨ ਦਾ ਸਾਹਮਣਾ ਕਰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ, ਦੇਸ ਦਾ ਅਜਿਹਾ ਇਕਲੌਤਾ ਸੂਬਾ ਹੈ, ਜਿਸ ਨੇ ਆਮ ਹਾਲਾਤ ਵਿੱਚ ਜਾਨ ਗੁਆਉਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਐਕਸ-ਗ੍ਰੇਸੀਆ ਵਜੋਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਦੇਸ਼ ਦੇ 70 ਫੀਸਦੀ ਹੋਰ ਸੂਬਿਆਂ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਤੋਂ ਵੀ ਵੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਵਤਨ ਦੀ ਖਾਤਰ ਇਨ੍ਹਾਂ ਨਾਇਕਾਂ ਵੱਲੋਂ ਡਿਊਟੀ ਦੌਰਾਨ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਨਮਾਨ ਵਜੋਂ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਦੇਸ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਸਾਡੇ ਸੈਨਿਕਾਂ ਦੇ ਵੱਡਮੁੱਲੇ ਯੋਗਦਾਨ ਪ੍ਰਤੀ ਸਤਿਕਾਰ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣਾ ਸੂਬਾ ਸਰਕਾਰ ਵੱਲੋਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੈ।
ਇਕ ਹੋਰ ਮਸਲੇ ‘ਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਸੈਨਿਕ ਸਕੂਲ ਕਪੂਰਥਲਾ ਦੀ ਕਾਇਆ ਕਲਪ ਕਰਨ ਅਤੇ ਇਸ ਦੀ ਢੁਕਵੀਂ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ 190 ਏਕੜ ਰਕਬੇ ਵਿੱਚ ਫੈਲਿਆ ਇਹ ਸਕੂਲ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤੀ ਵਿਰਾਸਤੀ ਇਮਾਰਤ ਵਿੱਚ ਸਥਾਪਤ ਹੈ ਅਤੇ ਸੂਬਾ ਸਰਕਾਰ ਇਸ ਦੀ ਸਾਂਭ-ਸੰਭਾਲ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਪਹਿਲਾਂ ਹੀ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਕੋਲ ਉਠਾ ਚੁੱਕੇ ਹਨ, ਜੋ ਸਕੂਲ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਸੂਬੇ ਦੇ ਜੰਗੀ ਨਾਇਕਾਂ ਦੇ ਸਨਮਾਨ ਵਜੋਂ ਹਰੇਕ ਜ਼ਿਲ੍ਹੇ ਵਿੱਚ ਜੰਗੀ ਯਾਦਗਾਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਯਾਦਗਾਰਾਂ 1-1.5 ਏਕੜ ਰਕਬੇ ਵਿੱਚ ਬਣਾਈਆਂ ਜਾਣਗੀਆਂ, ਜੋ ਜੰਗੀ ਨਾਇਕਾਂ ਨੂੰ ਢੁਕਵੀਂ ਸਰਧਾਂਜਲੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਜੰਗੀ ਯਾਦਗਾਰਾਂ ਦੇ ਡਿਜਾਈਨ ਨੂੰ ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਵਿੱਚ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ ਵੀ ਦੇ ਦਿੱਤੀ ਹੈ।