ਬਹੁਤ ਲੋਕ ਮੁਸੰਮੀ ਦਾ ਸਿਰਫ ਜੂਸ ਪੀਣਾ ਪਸੰਦ ਕਰਦੇ ਹਨ। ਲੇਕਿਨ ਅਸੀਂ ਕਹਿੰਦੇ ਹਾਂ ਕਿ ਇਸਦਾ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ ਬਲਕਿ ਇਹ ਸਮੇਤ ਗੁੱਦੇ ਹੀ ਖਾਣੀ ਚਾਹੀਦੀ ਹੈ।
ਵੈਸੇ ਤਾਂ ਜਦ ਤੱਕ ਦੰਦ, ਜਾੜਾਂ ਸਲਾਮਤ ਹਨ, ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਫਲ ਦਾ ਜੂਸ ਨਹੀਂ ਪੀਣਾ ਚਾਹੀਦਾ ਬਲਕਿ ਫਲ ਹੀ ਖਾਣਾ ਚਾਹੀਦਾ ਹੈ। ਯਾਨਿ ਕਿ ਜਦ ਦੰਦ ਨਾਂ ਰਹੇ ਤਦ ਜੂਸ ਪੀਣਾ ਤਾਂ ਮਜ਼ਬੂਰੀ ਹੋ ਜਾਂਦੀ ਹੈ, ਲੇਕਿਨ ਜੇ ਦੰਦ ਜਾੜਾਂ ਹੋਣ ਤਾਂ ਜੂਸ ਦੀ ਬਿਜਾਇ ਫਲ ਹੀ ਖਾਣਾ ਚਾਹੀਦਾ ਹੈ।
ਇਵੇਂ ਹੀ ਬੀਮਾਰ ਬੰਦੇ ਨੂੰ ਜੇ ਡਾਕਟਰ ਨੇ ਕਿਹਾ ਹੋਵੇ ਤਾਂ ਉਹ ਜੂਸ ਪੀ ਸਕਦਾ ਹੈ, ਪ੍ਰੰਤੂ ਜੂਸ ਚ ਖੰਡ, ਨਮਕ ਜਾਂ ਬਰਫ ਆਦਿ ਮਿਲਾਕੇ ਵੀ ਕਿਸੇ ਵੀ ਮਰੀਜ਼ ਨੂੰ ਨਹੀਂ ਪੀਣਾ ਚਾਹੀਦਾ। ਇਸੇ ਤਰ੍ਹਾਂ ਇੱਕ ਤੰਦਰੁਸਤ ਵਿਅਕਤੀ ਨੂੰ ਕਦੇ ਵੀ ਕੋਈ ਵੀ ਜੂਸ ਨਹੀਂ ਪੀਣਾ ਚਾਹੀਦਾ। ਕਿਉਂਕਿ ਇਸ ਤਰਾਂ ਕਰਨ ਨਾਲ ਅਨੇਕਾਂ ਕੁਦਰਤੀ ਤੱਤ ਵਿਅਰਥ ਚ ਹੀ ਚਲੇ ਜਾਂਦੇ ਹਨ।
ਮੁਸੰਮੀ ਵਿੱਚ ਕਾਫ਼ੀ ਤੱਤ ਐਸੇ ਹੁੰਦੇ ਹਨ ਜੋ ਮਨੁੱਖ ਨੂੰ ਰੋਜ਼ਾਨਾ ਮਿਲਣੇ ਚਾਹੀਦੇ ਹਨ। ਲੇਕਿਨ ਮੁਸੰਮੀ ਸਾਰਾ ਸਾਲ ਹਰ ਇਲਾਕੇ ਚ ਨਹੀਂ ਮਿਲਦੀ। ਪ੍ਰੰਤੂ ਜੇ ਮੁਸੰਮੀ ਮਿਲੇ ਤਾਂ ਕਿਸੇ ਵੀ ਮੌਸਮ ਚ ਤੁਸੀਂ ਖਾ ਸਕਦੇ ਹੋ। ਮੁਸੰਮੀ ਦੇ ਮੌਸਮ ਵਿੱਚ ਤਾਂ ਇਹ ਜ਼ਰੂਰ ਹੀ ਖਾਣੀ ਚਾਹੀਦੀ ਹੈ।
ਦੇਖਣ ਚ ਇਹ ਸੰਤਰੇ, ਕਿੰਨੂ, ਨਿੰਬੂ, ਗਲਗਲ ਵਰਗੀ ਹੀ ਲਗਦੀ ਹੈ ਪ੍ਰੰਤੂ ਇਹਨਾਂ ਸਭ ਤੋਂ ਅਲੱਗ ਤਰ੍ਹਾਂ ਦਾ ਇਸਦਾ ਟੇਸਟ ਹੁੰਦਾ ਹੈ ਤੇ ਅਲੱਗ ਤਰ੍ਹਾਂ ਦੇ ਇਸ ਵਿੱਚ ਨਿਉਟਰੀਐਂਟਸ ਹੁੰਦੇ ਹਨ। ਇਸ ਚ ਨਿੰਬੂ ਜਾਂ ਗਲਗਲ ਵਾਂਗ ਬਹੁਤੀ ਖਟਾਸ ਨਹੀਂ ਹੁੰਦੀ ਤੇ ਸੰਤਰੇ ਵਾਂਗ ਇਸ ਚ ਬਹੁਤੀ ਮਿਠਾਸ ਨਹੀਂ ਹੁੰਦੀ।ਇਵੇਂ ਹੀ ਕਿੰਨੂ ਵਾਂਗ ਇਸ ਚ ਰਸ ਵੀ ਜ਼ਿਆਦਾ ਨਹੀਂ ਹੁੰਦਾ।
ਹਰਤਰਾਂ ਦੇ ਤਣਾਉ ਜਾਂ ਗਲਤ ਖਾਣ ਪੀਣ, ਜ਼ਿਆਦਾ ਅਰਾਮ ਕਰਨ ਜਾਂ ਕਿਸੇ ਤਰ੍ਹਾਂ ਦੀ ਵਰਜ਼ਿਸ਼ ਨਾ ਕਰਨ ਕਾਰਨ ਮਨੁੱਖੀ ਸਰੀਰ ਚ ਵਧੀਆ ਖੁਰਾਕ ਖਾਂਦਿਆਂ ਵੀ ਖਤਰਨਾਕ ਟੌਕਸਿਨਜ਼ ਬਣਨ ਲੱਗ ਪੈਂਦੇ ਹਨ। ਇਹਨਾਂ ਸਭ ਤਰਾਂ ਦੇ ਟੌਕਸਿਨਜ਼ ਨੂੰ ਮੁਸੰਮੀ ਵਿਚਲੇ ਤੱਤ ਸਰੀਰ ਚੋਂ ਬਾਹਰ ਕੱਢਣ ਅਤੇ ਸਰੀਰ ਦੇ ਅੰਦਰ ਹੀ ਖਤਮ ਕਰਨ ਚ ਵੀ ਮਦਦ ਕਰਦੇ ਹਨ।
ਮੁਸੰਮੀ ਵਿਚ ਅਨੇਕਾਂ ਹੀ ਐਂਟੀਔਕਸੀਡੈਂਟਸ ਹੁੰਦੇ ਹਨ ਜੋ ਅੰਦਰੂਨੀ ਅੰਗਾਂ ਦੀ ਸੋਜ਼ ਘਟਾਉੰਦੇ ਹਨ ਅਤੇ ਇਮਿਉਨ ਸਿਸਟਮ ਨੂੰ ਵਧੀਆ ਬਣਾਉਂਦੇ ਹਨ। ਇਸੇ ਕਰਕੇ ਇਹਦੇ ਖਾਣ ਨਾਲ ਖੰਘ, ਗਲਾ ਖਰਾਬੀ, ਗਲਾ ਬੈਠਣਾ, ਜ਼ੁਕਾਮ, ਨੱਕ ਬੰਦ ਹੋਣਾ, ਪੇਟ ਸੋਜ਼, ਪੇਟ ਭਾਰੀਪਨ, ਪੇਟ ਖੁੱਲਕੇ ਸਾਫ ਨਾ ਹੋਣਾ, ਪਿਸ਼ਾਸ਼ ਲੱਗਕੇ ਆਉਣਾ, ਪਿਸ਼ਾਬ ਪੀਲਾ ਆਉਣਾ, ਮੂੰਹ ਵਾਰ ਵਾਰ ਪੱਕਣਾ ਆਦਿ ਤੋਂ ਤੁਰੰਤ ਫਾਇਦਾ ਹੁੰਦਾ ਹੈ।
ਇਹ ਜਿਗਰ, ਦਿਲ, ਫੇਫੜਿਆਂ, ਤਿਲੀ, ਮਸਾਨੇ ਅਤੇ ਪਿੱਤੇ ਸੰਬੰਧੀ ਨੁਕਸ ਵੀ ਨਹੀਂ ਬਣਨ ਦਿੰਦੀ। ਕੈਂਸਰ, ਰਸੌਲੀ, ਮੋਟਾਪਾ, ਪਥਰੀ, ਬਵਾਸੀਰ, ਕੋਲੈਸਟਰੋਲ ਆਦਿ ਤੋਂ ਵੀ ਬਚਾਅ ਕਰਨ ਵਾਲੇ ਅਨੇਕਾਂ ਤੱਤ ਮੁਸੰਮੀ ਵਿਚ ਹੁੰਦੇ ਹਨ।
ਕਿਸੇ ਜ਼ੋਰਦਾਰ ਵਰਕ ਆਊਟ, ਸਖਤ ਮਿਹਨਤ, ਦੌੜ, ਸਾਇਕਲਿੰਗ ਆਦਿ ਕਾਰਨ ਲੱਤਾਂ ਚ ਪੈਣ ਵਾਲੇ ਕੜੱਲ ਆਦਿ ਤੋਂ ਵੀ ਮੁਸੰਮੀ ਖਾਣੀ ਬਹੁਤ ਲਾਭਦਾਇਕ ਹੈ। ਲੇਕਿਨ ਵਰਜਿਸ਼ ਤੋਂ ਪਹਿਲਾਂ ਹੀ ਮੁਸੰਮੀ ਖਾਣੀ ਜ਼ਿਆਦਾ ਫਾਇਦੇਮੰਦ ਹੋਵੇਗੀ। ਤਾਂ ਕਿ ਵਰਜਿਸ਼ ਵੇਲੇ ਖੂਨ ਚ ਲੋੜੀਂਦੇ ਤੱਤਾਂ ਦਾ ਪੀਕ ਲੈਵਲ ਹੋਵੇ।
ਜਿਹਨਾਂ ਦੇ ਖਾਨਦਾਨ ਚ ਗਠੀਆ, ਜੋੜ ਸੋਜ਼, ਜੋੜ ਰੋਗ ਆਦਿ ਹੋਣ ਜਾਂ ਜਿਹਨਾਂ ਨੂੰ ਇਹਨਾਂ ਰੋਗਾਂ ਦੀ ਸ਼ੁਰੂਆਤ ਹੋ ਗਈ ਹੋਵੇ, ਉਹਨਾਂ ਨੂੰ ਕਦੇ ਕਦਾਈਂ ਮੁਸੰਮੀ ਖਾਂਦੇ ਰਹਿਣ ਨਾਲ ਬੇਹੱਦ ਫ਼ਾਇਦਾ ਮਿਲਦਾ ਹੈ। ਇਹ osteoarthritis ਜਾਂ rheumatoid arthritis ਆਦਿ ਆਦਿ ਖਤਰਨਾਕ ਰੋਗਾਂ ਚ ਵੀ ਰੋਜ਼ਾਨਾ ਅੱਧੀ ਮੁਸੰਮੀ ਖਾਣਾ ਭਾਰੀ ਲਾਭ ਦਿੰਦੀ ਹੈ। ਇਉਂ ਜੋੜਾਂ ਤੇ ਸੋਜ਼ ਜਾਂ ਜੋੜਾਂ ਦਾ ਅਕੜਾਅ ਨਹੀਂ ਹੁੰਦਾ।
ਮੁਸੰਮੀ ਵਿਚਲੇ ਅਨੇਕਾਂ ਫਾਇਟੋਕੈਮੀਕਲਜ਼ ਚਮੜੀ ਦੀ ਖੁਸ਼ਕੀ, ਕਾਲਾਪਨ, ਢਿੱਲਾਪਨ ਆਦਿ ਛੇਤੀ ਬਣਨ ਨਹੀਂ ਦਿੰਦੇ। ਇਸੇ ਕਰਕੇ ਮੁਸੰਮੀ ਦੀ ਰੁੱਤ ਵਿੱਚ ਰੋਜ਼ਾਨਾ ਅੱਧੀ ਮੁਸੰਮੀ ਖਾਂਦੇ ਰਹਿਣ ਨਾਲ ਚਮੜੀ ਦੀ ਸੁੰਦਰਤਾ ਕੁੱਝ ਹੀ ਦਿਨਾਂ ਚ ਵਧ ਜਾਂਦੀ ਹੈ। ਇਸਦੇ ਖਾਂਦੇ ਰਹਿਣ ਨਾਲ ਬਲੈਮਿਸ਼ਸ, ਪਿਗਮੈਂਟੇਸ਼ਨ, ਚਿੱਟੇ ਕਾਲੇ ਦਾਗ ਅਤੇ ਝੁਰੜੀਆਂ ਵੀ ਜਲਦੀ ਨਹੀਂ ਬਣਦੀਆਂ।
ਮੁਸੰਮੀ ਦਾ ਰਸ, ਗੁਲਾਬ ਜਲ ਅਤੇ ਸ਼ਹਿਦ ਅੱਧਾ ਅੱਧਾ ਚਮਚ ਮਿਲਾਕੇ ਦੁੱਗਣਾ ਪਾਣੀ ਮਿਲਾਕੇ ਚਿਹਰੇ ਤੇ ਦਿਨ ਚ ਦੋ ਵਾਰ ਰੂੰਅ ਨਾਲ ਲਾਉਂਦੇ ਰਹਿਣ ਨਾਲ ਚਿਹਰੇ ਦੀਆਂ ਛਾਹੀਆਂ, ਦਾਗ਼ ਆਦਿ ਕੁੱਝ ਹੀ ਦਿਨਾਂ ਚ ਦਿਖਣੋਂ ਘਟ ਜਾਂਦੇ ਹਨ। ਚਿਹਰੇ ਤੇ ਸਿਰਫ ਦੋ ਕੁ ਮਿੰਟ ਲਾਕੇ ਸਾਦੇ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ।
ਮੁਸੰਮੀ ਵਿਚਲੇ ਤੱਤ ਅੱਖਾਂ ਲਈ ਵੀ ਬੇਹੱਦ ਲਾਭਦਾਇਕ ਹੁੰਦੇ ਹਨ। ਅੱਖਾਂ ਦੀ ਬਾਹਰੀ ਸੁੰਦਰਤਾ ਦੇ ਨਾਲ ਨਾਲ ਨਜ਼ਰ ਅਤੇ ਅੰਦਰੂਨੀ ਅੱਖ ਨੂੰ ਵੀ ਤੰਦਰੁਸਤ ਰੱਖਣ ਚ ਮੁਸੰਮੀ ਬਹੁਤ ਫਾਇਦਾ ਦਿੰਦੀ ਹੈ। ਹਰ ਸਾਲ ਮੁਸੰਮੀ ਦੀ ਰੁੱਤ ਚ ਕਦੇ ਕਦਾਈਂ ਮੁਸੰਮੀ ਖਾਂਦੇ ਰਹਿਣ ਨਾਲ ਵੀ ਜਲਦੀ ਐਨਕ ਨਹੀਂ ਲਗਦੀ ਤੇ ਉਮਰ ਵਧਣ ਤੇ ਬਣਨ ਵਾਲਾ ਚਿੱਟਾ ਮੋਤੀਆ ਵੀ ਛੇਤੀ ਨਹੀਂ ਬਣਦਾ।
ਮੁਸੰਮੀ ਵਿਚਲੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਚੋਂ ਐਸਕੌਰਬਿਕ ਐਸਿਡ, ਕੈਲਸ਼ੀਅਮ, ਸੋਡੀਅਮ, ਪੁਟਾਸ਼ੀਅਮ, ਫਾਸਫੋਰਸ, ਮੈਗਨੇਸ਼ੀਅਮ, ਫਾਇਬਰ ਆਦਿ ਤੱਤ ਬਹੁਤ ਹੀ ਸਿਹਤਵਰਧਕ ਤੇ ਲੋੜੀਂਦੇ ਤੱਤ ਹੁੰਦੇ ਹਨ। ਇਹ ਬੱਚਿਆਂ, ਬਜ਼ੁਰਗਾਂ, ਨੌਜੁਆਨਾਂ ਆਦਿ ਸਭ ਲਈ ਹੀ ਬਹੁਤ ਫਾਇਦੇਮੰਦ ਹੁੰਦੇ ਹਨ।
ਗਰਭਵਤੀ ਲਈ ਵੀ ਮੁਸੰਮੀ ਬੇਹੱਦ ਫਾਇਦੇਮੰਦ ਹੈ ਤੇ ਗਰਭ ਧਾਰਨ ਤੋਂ ਪਹਿਲਾਂ ਵੀ ਦੋਨੋਂ ਪਤੀ ਪਤਨੀ ਨੂੰ ਹੀ ਮੁਸੰਮੀ ਖਾਣ ਦੇ ਬਹੁਤ ਫਾਇਦੇ ਹਨ। ਬੇਔਲਾਦ ਮਰਦਾਂ ਔਰਤਾਂ ਲਈ ਵੀ ਮੁਸੰਮੀ ਬਹੁਤ ਫਾਇਦੇਮੰਦ ਹੈ।
ਪੀਸੀਓਡੀ, ਮਾਹਵਾਰੀ ਦਰਦ ਨਾਲ ਆਉਣੀ ਜਾਂ ਖੁੱਲ੍ਹ ਕੇ ਨਾਂ ਆਉਣੀ, ਕਲੌਟ ਆਉਣੇ, ਅੰਡੇ ਦਾ ਸਾਈਜ਼ ਸਹੀ ਨਾ ਬਣਨਾ, ਮਾਹਵਾਰੀ ਦਾ ਅੱਗੇ ਪਿੱਛੇ ਆਉਣਾ ਆਦਿ ਔਰਤਾਂ ਦੇ ਤਕਲੀਫਦੇਹ ਨੁਕਸਾਂ ਤੋਂ ਮੁਸੰਮੀ ਲਾਭਦਾਇਕ ਹੈ। ਮਰਦਾਂ ਦੇ ਸ਼ੁਕਰਾਣੂੰ ਘਾਟ, ਸ਼ੀਘਰਪਤਨ, ਸੁਪਨਦੋਸ਼, ਧਾਂਤ ਰੋਗ ਆਦਿ ਤੋਂ ਮੁਸੰਮੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ।
ਮੁਸੰਮੀ ਵਿਚਲੇ ਕੁੱਝ ਤੱਤ ਚਮੜੀ ਵਿੱਚ ਕੌਲੈਜਨ ਦੇ ਵਧੀਆ ਤਰਾਂ ਬਣਨ ਚ ਮਦਦ ਕਰਦੇ ਹਨ। ਇਉਂ ਚਮੜੀ ਸਖਤ ਰਹਿੰਦੀ ਹੈ ਤੇ ਕਮਜ਼ੋਰੀ ਜਾਂ ਭਾਰ ਘਟਣ ਕਾਰਨ ਪੈਣ ਵਾਲੀਆਂ ਝੁਰੜੀਆਂ, ਚਮੜੀ ਦਾ ਢਿਲਕਣਾ ਆਦਿ ਨੁਕਸ ਨਹੀਂ ਬਣਦੇ। ਮੁਸੰਮੀ ਖਾਂਦੇ ਰਹਿਣ ਨਾਲ ਵਾਲ ਝੜਨੋਂ ਹਟਦੇ ਹਨ, ਵਾਲ ਚਮਕੀਲੇ, ਮੁਲਾਇਮ ਤੇ ਸੋਹਣੇ ਵੀ ਬਣਦੇ ਹਨ।
ਇਸਦਾ ਜੂਸ ਸ਼ਹਿਦ ਚ ਮਿਲਾਕੇ ਬੁੱਲਾਂ ਤੇ ਲਾਉਣ ਨਾਲ ਬੁੱਲਾਂ ਦਾ ਕਾਲਾਪਨ ਠੀਕ ਹੁੰਦਾ ਹੈ। ਇਸਦੇ ਜੂਸ ਚ ਗਲਿਸਰੀਨ ਪਾਕੇ ਨਹੁੰਆਂ ਤੇ ਲਾਉਣ ਨਾਲ ਨਹੁੰ ਸੁੰਦਰ ਬਣਦੇ ਹਨ ਤੇ ਜ਼ਿਆਦਾ ਵਧਣ ਲਗਦੇ ਹਨ।
ਮੁਸੰਮੀ ਦੇ ਬੇਅੰਤ ਫਾਇਦਿਆਂ ਬਾਰੇ ਅਤੇ ਇਸਦੇ ਇੱਕ ਇੱਕ ਪੌਸ਼ਟਿਕ ਤੱਤ ਬਾਰੇ ਜਾਣਕਾਰੀ ਦੇਣ ਲਈ ਇੱਕ ਮੋਟੀ ਕਿਤਾਬ ਲਿਖੀ ਜਾ ਸਕਦੀ ਹੈ। ਮੁਸੰਮੀ ਵਿਚ ਕਰੀਬ 48 ਤੱਤ ਐਸੇ ਹਨ ਜੋ ਵਿਅਕਤੀ ਦੇ ਹਾਰਮੋਨਜ਼ ਅਤੇ ਐਂਜ਼ਾਇਮਜ਼ ਨੂੰ ਸਹੀ ਰਖਦੇ ਹਨ।
ਇਹੋ ਹੀ ਕਮਾਲ ਦੇ ਸਿਹਤਵਰਧਕ ਤੱਤ ਹਨ ਜੋ ਵਿਅਕਤੀ ਨੂੰ ਛੇਤੀ ਬੁੱਢਾ ਨਹੀਂ ਹੋਣ ਦਿੰਦੇ ਅਤੇ ਛੇਤੀ ਕੋਈ ਰੋਗ ਵੀ ਨਹੀਂ ਬਣਨ ਦਿੰਦੇ। ਕਿਉਂਕਿ ਇਹ ਇਮਿਉਨਿਟੀ ਵਧਾਉਣ ਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।
ਇਸਦਾ ਜੂਸ ਬੀਮਾਰਾਂ ਜਾਂ ਬਜ਼ੁਰਗਾਂ ਦੇ ਪੀਣ ਅਤੇ ਨੌਜੁਆਨਾਂ ਦੇ ਚਿਹਰੇ, ਨਹੁੰਆਂ, ਵਾਲਾਂ ਆਦਿ ਤੇ ਲਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਮੁਸੰਮੀ ਦਾ ਜੂਸ ਬਣਾਉਂਦਿਆਂ ਇਹਨਾਂ 48 ਤੱਤਾਂ ਚੋਂ ਕਰੀਬ 21 ਤੱਤ ਗੁੱਦੇ ਵਿੱਚ ਨਿਕਲ ਜਾਂਦੇ ਹਨ ਅਤੇ ਬਾਕੀ ਵੀ ਕਰੀਬ 7 ਪ੍ਰਤੀਸ਼ਤ ਗੁੱਦੇ ਚ ਹੀ ਨਸ਼ਟ ਹੋ ਜਾਂਦੇ ਹਨ।
ਮੁਸੰਮੀ ਦਾ ਜ਼ਿਆਦਾ ਫਾਇਦਾ ਲੈਣ ਲਈ ਇੱਕ ਦਿਨ ਚ ਅੱਧੀ ਜਾਂ ਇੱਕ ਹੀ ਮੁਸੰਮੀ ਖਾਣੀ ਚਾਹੀਦੀ ਹੈ। ਇਹ ਖਾਣੇ ਨਾਲ ਵੀ ਖਾਧੀ ਜਾ ਸਕਦੀ ਹੈ ਤੇ ਦੋ ਖਾਣਿਆਂ ਦੇ ਵਿਚਕਾਰ ਵੀ ਖਾਧੀ ਜਾ ਸਕਦੀ
ਬੈਂਸ ਹੈਲਥ ਸੈਂਟਰ ਮੋਗਾ 9463038229
ਮਿਹਣਤ ਕਰੋਗੇ ਤਾਂ ਪੈਸਾ ਆਏਗਾ। ਪੈਸੇ ਨੂੰ ਸਿਰਫ ਬੈਂਕ ਭਰਨ ਲਈ ਨਾਂ ਕਮਾਉ। ਜਿੰਨਾ ਕੁ ਹੋ ਸਕੇ ਅਜਿਹੀਆਂ ਚੀਜ਼ਾਂ ਆਪ ਵੀ ਖਾਉ ਤੇ ਪਰਿਵਾਰ ਨੂੰ ਵੀ, ਜਿਹਨਾਂ ਨਾਲ ਤੁਹਾਡੀ ਉਮਰ ਲੰਬੀ ਹੋਵੇ ਤੇ ਤੁਸੀਂ ਦਵਾਈਆਂ ਤੋਂ ਬਚੋ ਤੇ ਕਮਾਏ ਹੋਏ ਪੈਸੇ ਨਾਲ ਸੁਖ ਸਾਧਨ ਖਰੀਦ ਸਕੋ।