ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਦੀ ਅਗਵਾਈ ਵਿੱਚ ਅੱਜ ਮਲੇਰੀਆ ਦਿਵਸ ਮਨਾਇਆ ਗਿਆ। ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਜਾਣਕਾਰੀ ਦਿੰਦਿਆਂ ਐੱਸ ਐਮ ਓ ਡਾ ਮਨੋਹਰ ਸਿੰਘ ਨੇ ਦੱਸਿਆ ਕਿ ਮੌਸਮ ਵਿਚ ਤਬਦੀਲੀ ਹੋਣ ਨਾਲ ਮਲੇਰੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਜਰੂਰੀ ਹੁੰਦੀ ਹੈ।
ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਪਸੀਨਾ ਆਉਣਾ ਮਲੇਰੀਆ ਦੇ ਮੁੱਖ ਲੱਛਣ ਹਨ, ਅਜਿਹਾ ਹੋਣ ਤੇ ਨੇਡ਼ਲੇ ਸਿਹਤ ਕੇਂਦਰ ਤੇ ਪਹੁੰਚ ਕਰਕੇ ਡਾਕਟਰੀ ਸਹਾਇਤਾ ਜਰੂਰ ਲਵੋ। ਇਸ ਤੋਂ ਅੱਗੇ ਬਲਾਕ ਐਜੂਕੇਟਰ ਪਰਦੀਪ ਸਿੰਘ ਨੇ ਦੱਸਿਆ ਕਿ ਘਰਾਂ ਵਿਚ ਅਤੇ ਆਲੇ-ਦੁਆਲੇ ਕਿੱਤੇ ਵੀ ਪਾਣੀ ਇੱਕਠਾ ਨਾ ਹੋਣ ਦਿਓ, ਛੱਪਡ਼ਾਂ ਅਤੇ ਨਾਲੀਆਂ ਵਿਚ ਕਾਲੇ ਤੇਲ ਦਾ ਛਿਡ਼ਕਾਅ ਕਰੋ, ਕੱਪਡ਼ੇ ਅਜਿਹੇ ਪਾਵੋ ਜਿਸ ਨਾਲ ਪੂਰਾ ਸਰੀਰ ਢੱਕਿਆ ਜਾਵੇ ਤਾਂ ਜੋ ਮੱਛਰ ਨਾ ਕੱਟ ਸਕੇ। ਸੌਂਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਯੰਤਰਾਂ ਦੀ ਵਰਤੋਂ ਕਰੋ। ਇਸ ਮੌਕੇ ਜਸਵੀਰ ਕੌਰ ਐਲ ਐਚ ਵੀ, ਨਛੱਤਰ ਕੌਰ ਏ ਐਨ ਐਮ , ਪਰਦੀਪ ਸਿੰਘ ਮਲਟੀਪਰਪਜ ਹੈਲਥ ਵਰਕਰ ਮੇਲ ਤੋਂ ਇਲਾਵਾ ਸਮੂਹ ਸਟਾਫ਼ ਦੇ ਮੈਂਬਰ ਹਾਜ਼ਰ ਸਨ।