ਫ਼ਤਹਿਗੜ੍ਹ ਸਾਹਿਬ (ਸੂਦ)-ਮਾਤਾ ਗੁਜਰੀ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਵੱਲੋਂ ਕੋਵਿਡ 19 ਕਾਰਨ ਲੌਕਡਾਊਨ ਦੇ ਸਮੇਂ ‘ਸੈਲਫ਼ ਡਿਵੈਲਪਮੈਂਟ’ ਲਈ ਇੱਕ ਹਫ਼ਤੇ ਦੇ ਵੈਬਿਨਾਰ ਦੀ ਅੱਜ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵੱਖ ਵੱਖ ਕਾਲਜਾਂ ਦੇ 345 ਵਿਦਿਆਰਥੀਆਂ ਨੇ ਭਾਗ ਲਿਆ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਸ਼ਖ਼ਸੀਅਤ ਉਸਾਰੀ ਦੇ ਬਹੁਤ ਸਾਰੇ ਮੌਕੇ ਉਪਲੱਬਧ ਕਰਵਾਏ ਜਾਂਦੇ ਹਨ। ਲੌਕਡਾਊਨ ਸਮੇਂ ਇੰਟਰਨੈੱਟ ਰਾਹੀਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਕਰਨਾ ਹਰ ਇੱਕ ਕਾਲਜ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਇਸ ਸਮੇਂ ਵਿਦਿਆਰਥੀਆਂ ਵਿੱਚ ਤਣਾਅ ਦੀ ਸਥਿਤੀ ਨਾ ਪੈਦਾ ਹੋਵੇ ਤੇ ਵਿਦਿਆਰਥੀਆਂ ਵਿੱਚ ਸਕਾਰਾਤਮਕ ਸੋਚ ਦਾ ਵਿਕਾਸ ਹੋ ਸਕੇ।
ਉਨ੍ਹਾਂ ਕਿਹਾ ਹੈ ਕਿ ਇਸ ਵੈਬਿਨਾਰ ਦੇ ਨਾਲ ਜਿੱਥੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਏਗੀ ਜੋ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਮਦਦ ਕਰਨਗੇ । ਇਸ ਦੇ ਨਾਲ ਹੀ ਕਈ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ ਜਿਸ ਦੇ ਨਾਲ ਉਨ੍ਹਾਂ ਵਿੱਚ ਸਕਾਰਾਤਮਕ ਸੋਚ, ਆਤਮ ਵਿਸ਼ਵਾਸ, ਲਗਨ, ਧਿਆਨ ਕੇਂਦਰ ਕੇਂਦਰਿਤ ਕਰਨਾ ਵਰਗੇ ਗੁਣ ਵੀ ਵਿਕਸਿਤ ਹੋਣਗੇ। ਡੀਨ ਅਕਾਦਮਿਕ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਸੁਚੇਤ ਹੁੰਦੇ ਹਨ। ਇਸ ਵੈਬਿਨਾਰ ਰਾਹੀਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਦੇ ਨਾਲ ਨਾਲ ਉਨ੍ਹਾਂ ਨੂੰ ਕਰੀਅਰ ਗਾਈਡੈਂਸ ਵੀ ਮਿਲੇਗੀ ਜੋ ਉਨ੍ਹਾਂ ਦੇ ਭਵਿੱਖ ਦੇ ਲਈ ਲਾਹੇਵੰਦ ਸਾਬਿਤ ਹੋਏਗੀ । ਉਨ੍ਹਾਂ ਦਸਿਆ ਕਿ ਇਸ ਵੈਬਿਨਾਰ ਵਿੱਚ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੰਜਾਬ ਦੇ ਹੋਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਰਹੇ ਹਨ।ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਗਿਆਰਾਂ ਤੋਂ ਬਾਰਾਂ ਵਜੇ ਤੱਕ ਵਿਦਿਆਰਥੀਆਂ ਦੇ ਲਈ ਇਹ ਵੈਬਿਨਾਰ ਹੋਵੇਗਾ ਤੇ ਇਸ ਵਿੱਚ ਸਿਹਤ, ਕਰੀਅਰ, ਟਾਈਮ ਮੈਨੇਜਮੈਂਟ, ਤਣਾਅ ਤੋਂ ਕਿਵੇਂ ਬਚਣਾ, ਪਬਲਿਕ ਸਪੀਕਿੰਗ ਵਰਗੇ ਬਹੁਤ ਸਾਰੇ ਵਿਸ਼ਿਆਂ ਦੇ ਸੰਬੰਧ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਏਗਾ। ਪ੍ਰੋ. ਸੌਰਭ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਲੌਕਡਾਊਨ ਦੇ ਦੌਰਾਨ ਵੱਧ ਤੋਂ ਵੱਧ ਗਤੀਸ਼ੀਲ ਬਣਾਈ ਰੱਖਣ ਦੇ ਲਈ ਬਹੁਤ ਸਾਰੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਵਿਚ ਤੁਰੰਤ ਫੈਸਲੇ ਲੈਣ ਤੇ ਟੀਮ ਵਿਚ ਕੰਮ ਕਰਨ ਦੀ ਭਾਵਨਾ ਵਿਕਸਿਤ ਹੋਵੇ।