ਮਨੁੱਖਤਾ ਦੀ ਭਲਾਈ ਲਈ ਹਾਲਾਤ ਸਾਜ਼ਗਾਰ ਹੋਣ ਤੱਕ ਧਾਰਮਿਕ ਸੰਸਥਾਵਾਂ ‘ਚ ਕੋਈ ਵੱਡਾ ਸਮਾਗਮ ਨਾ ਕੀਤਾ ਜਾਵੇ-ਕੁਮਾਰ ਅਮਿਤ

ਸ੍ਰੀ ਕੁਮਾਰ ਅਮਿਤ  ਡਿਪਟੀ ਕਮਿਸ਼ਨਰ ਪਟਿਆਲਾ

ਪਟਿਆਲਾ (ਅਰਵਿੰਦਰ ਸਿੰਘ ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਲਈ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਮਨੁੱਖਤਾ ਦੀ ਭਲਾਈ ਨੂੰ ਧਿਆਨ ‘ਚ ਰੱਖਦਿਆਂ ਪਟਿਆਲਾ ਦੇ ਪ੍ਰਸਿੱਧ ਤੇ ਪ੍ਰਾਚੀਨ ਮੰਦਿਰ ਸ੍ਰੀ ਕਾਲੀ ਦੇਵੀ ਜੀ ਦੇ ਕਪਾਟ ਬੰਦ ਕਰਨ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੁਲਤਵੀ ਕਰਨ ਦੇ ਸਮੇਂ ਸਿਰ ਲਏ ਗਏ ਫੈਸਲੇ ਲਈ ਦੋਵਾਂ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਹੈ।

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਦੋਵਾਂ ਵੱਡੇ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਲਏ ਜਨਤਕ ਹਿੱਤਾਂ ਨੂੰ ਦੇਖਦਿਆਂ ਸਮੇਂ ਸਿਰ ਗਏ ਇਨ੍ਹਾਂ ਫੈਸਲਿਆਂ ਨੇ ਪਟਿਆਲਾ ਜ਼ਿਲ੍ਹੇ ਅੰਦਰ ਹਾਲਾਤ ਵਿਗੜਨ ਤੋਂ ਰੋਕਣ ਵਿੱਚ ਵੱਡਾ ਯੋਗਦਾਨ ਪਾਇਆ ਹੈ, ਜਿਸ ਲਈ ਦੋਵਾਂ ਅਸਥਾਨਾਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਡਿਪਟੀ ਕਮਿਸ਼ਨਰ ਨੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਮੁੜ ਅਪੀਲ ਕੀਤੀ ਕਿ ਮਨੁੱਖਤਾ ਦੀ ਭਲਾਈ ਦੇ ਮੱਦੇਨਜ਼ਰ ਅਤੇ ਕੋਰੋਨਾਵਾਇਰਸ ਤੋਂ ਬਚਣ ਲਈ ਹਾਲਾਤ ਸਾਜ਼ਗਾਰ ਹੋਣ ਤੱਕ ਕਿਸੇ ਵੀ ਥਾਂ ਵਿਖੇ ਕੋਈ ਵੀ ਵੱਡਾ ਜਾਂ ਛੋਟਾ ਜਨਤਕ ਸਮਾਗਮ ਆਯੋਜਿਤ ਨਾ ਕੀਤਾ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਇਹ ਵੀ ਅਪੀਲ ਕੀਤੀ ਕਿ ਸਮੂਹ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਸਥਾਵਾ ਦੇ ਨੁਮਾਇੰਦੇ ਲੋਕਾਂ ਨੂੰ ਸਮਾਜਕ ਦੂਰੀ ਬਣਾਏ ਰੱਖਣ ਲਈ ਪ੍ਰੇਰਤ ਕਰਨ ਤਾਂ ਕਿ ਇਸ ਭਿਆਨਕ ਮਹਾਂਮਾਰੀ ਦੀ ਲੜੀ ਨੂੰ ਤੋੜਕੇ ਇਸ ਉਪਰ ਕਾਬੂ ਪਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ, ”ਸਾਡੇ ਵੱਲੋਂ ਥੋੜੇ ਦਿਨ ਵਰਤਿਆ ਗਿਆ ਇਹਤਿਆਤ ਮਨੁੱਖਤਾ ਨੂੰ ਇਸ ਵੱਡੇ ਸੰਕਟ ਤੋਂ ਬਚਾਅ ਲਵੇਗਾ, ਜਿਸ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੂੰ ਸਾਰੇ ਨਾਗਰਿਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਉਮੀਦ ਵੀ ਹੈ ਕਿ ਸਾਡੇ ਸਭ ਵੱਲੋਂ ਰਲਕੇ ਮਾਰੇ ਗਏ ਹੰਭਲੇ ਨਾਲ ਅਸੀਂ ਇਸ ਭਿਆਨਕ ਮਹਾਂਮਾਰੀ ਤੋਂ ਬਚਕੇ ਨਿਕਲ ਜਾਵਾਂਗੇ।”

ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਕੀਤੀ ਗਈ ਅਪੀਲ ਦੇ ਸਨਮੁੱਖ ਮੰਦਿਰ ਸ੍ਰੀ ਕਾਲੀ ਦੇਵੀ ਦੀ ਸਲਾਹਕਾਰੀ ਕਮੇਟੀ ਨੇ ਮੰਦਿਰ ਦੇ ਕਪਾਟ ਸ਼ਰਧਾਲੂਆਂ ਲਈ ਮਿਤੀ 18 ਮਾਰਚ ਤੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਸੀ। ਜਦੋਂਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸ਼ੁਰੂ ਕੀਤੀ ਗਈ ਕਾਰ ਸੇਵਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਧਾਰਮਿਕ ਸੰਸਥਾਵਾਂ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਹੋਣ ਕਾਰਨ ਪਟਿਆਲਾ ਵੀ ਕੋਰੋਨਾਵਾਇਰਸ ਦਾ ਮੁੱਖ ਕੇਂਦਰ ਬਿੰਦੂ ਬਣ ਸਕਦਾ ਸੀ ਪਰ ਦੋਵਾਂ ਧਾਰਮਿਕ ਅਸਮਾਨਾਂ ਵੱਲੋਂ ਕੀਤੀ ਗਈ ਪਹਿਲਕਦਮੀ ਕਾਰਨ ਇਸ ਦੀ ਭਾਰੀ ਪ੍ਰਸ਼ੰਸਾ ਹੋ ਰਹੀ ਹੈ। ਇਸ ਤੋਂ ਬਿਨ੍ਹਾਂ ਪਟਿਆਲਾ ਜ਼ਿਲ੍ਹੇ ਅੰਦਰ ਅਜਿਹੀਆਂ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਸਮੁੱਚੀ ਸਥਿਤੀ ਨਿਯੰਤਰਨ ਅਧੀਨ ਬਣੀ ਹੋਈ ਹੈ।

Share This :

Leave a Reply