
ਲੁਧਿਆਣਾ ਦੀ ਕਚਹਿਰੀ ਵਿਚ ਹੋਏ ਬੰਬ ਧਮਾਕੇ ਨੇ ਇਕ ਵਾਰ ਫਿਰ ਪੰਜਾਬ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਨੂੰ ਕਈ ਪੱਖਾਂ ਤੋਂ ਇਕ ਚਿਤਾਵਨੀ ਵੀ ਕਿਹਾ ਜਾ ਸਕਦਾ ਹੈ। ਬਾਹਰਲੇ ਦੇਸ਼ਾਂ ਵਿਚ ਹਾਲੇ ਵੀ ਉਹ ਅਨਸਰ ਮੌਜੂਦ ਹਨ, ਜਿਨ੍ਹਾਂ ਦੇ ਇਰਾਦੇ ਸੂਬੇ ਅਤੇ ਮੁਲਕ ਲਈ ਚੰਗੇ ਨਹੀਂ ਹਨ। ਹਾਲੇ ਤੱਕ ਇਸ ਧਮਾਕੇ ਲਈ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਇਸ ਲਈ ਇਸ ਪਿੱਛੇ ਛੁਪੀਆਂ ਸਾਜਿਸ਼ਾਂ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।
ਇਹ ਗੱਲ ਯਕੀਨੀ ਹੈ ਕਿ ਪਾਕਿਸਤਾਨ, ਭਾਰਤ ਪ੍ਰਤੀ ਆਪਣੇ ਇਰਾਦਿਆਂ ਤੋਂ ਬਾਜ਼ ਨਹੀਂ ਆ ਸਕਦਾ। ਪਿਛਲੇ ਲੰਮੇ ਸਮੇਂ ਤੋਂ ਉਹ ਦੇਸ਼ ਵਿਰੁੱਧ ਲੁਕਵੀਂ ਜੰਗ ਲੜਦਾ ਆ ਰਿਹਾ ਹੈ। ਉਸ ਨੇ ਭਾਰਤ ਵਿਰੁੱਧ ਹਰ ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੂੰ ਖੜ੍ਹੇ ਕਰ ਰੱਖਿਆ ਹੈ। ਉਸ ਦਾ ਪਹਿਲਾ ਨਿਸ਼ਾਨਾ ਤਾਂ ਕਸ਼ਮੀਰ ਰਿਹਾ ਹੈ ਪਰ ਸਰਹੱਦੀ ਸੂਬੇ ਪੰਜਾਬ ਨੂੰ ਵੀ ਉਸ ਨੇ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ। ਉਥੇ ਬੈਠੇ ਦੇਸ਼ ਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਉਹ ਕੋਈ ਨਾ ਕੋਈ ਯੋਜਨਾਵਾਂ ਬਣਾਉਣ ਲਈ ਪ੍ਰੇਰਦਾ ਅਤੇ ਹਰ ਤਰ੍ਹਾਂ ਦੀ ਮਦਦ ਵੀ ਦਿੰਦਾ ਆਇਆ ਹੈ।
ਸੂਬੇ ਵਿਚ ਸਰਹੱਦ ਪਾਰੋਂ ਡਰੋਨਾਂ ਦਾ ਆਉਣਾ ਆਮ ਗੱਲ ਬਣਦੀ ਜਾ ਰਹੀ ਹੈ। ਉਥੋਂ ਹੀ ਟਿਫ਼ਨ ਬੰਬਾਂ ਦਾ ਆਉਣਾ ਵੀ ਇਕ ਚੁਣੌਤੀ ਬਣਿਆ ਹੋਇਆ ਹੈ। ਜਿਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਪੱਖੋਂ ਹਰ ਵੇਲੇ ਵਧੇਰੇ ਚੌਕਸ ਹੋਣ ਦੀ ਜ਼ਰੂਰਤ ਹੋਵੇਗੀ ਅਤੇ ਇਹ ਵੀ ਕਿ ਜਦੋਂ ਵੀ ਅਜਿਹੀਆਂ ਤਾਕਤਾਂ ਦਾ ਦਾਅ ਲਗਦਾ ਹੈ, ਉਦੋਂ ਹੀ ਉਹ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਇਸੇ ਲਈ ਸਮੇਂ-ਸਮੇਂ ਅਜਿਹੀਆਂ ਚਿੰਤਾਜਨਕ ਅਤੇ ਦਰਦਨਾਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। 80ਵਿਆਂ ਵਿਚ ਪੰਜਾਬ ਵਿਚ ਆਰੰਭ ਹੋਏ ਹਿੰਸਾ ਤੇ ਅਰਾਜਕਤਾ ਦੇ ਦੌਰ ਦੌਰਾਨ ਸਰਕਾਰੀ ਤੇ ਗ਼ੈਰ-ਸਰਕਾਰੀ ਹਿੰਸਾ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ।
ਸਾਲ 1995 ਵਿਚ ਮੁੱਖ ਮੰਤਰੀ ਸ. ਬੇਅੰਤ ਸਿੰਘ ਵੀ ਆਰੰਭ ਹੋਏ ਇਸੇ ਕਰਮ ਪ੍ਰਤੀਕਰਮ ਦਾ ਸ਼ਿਕਾਰ ਹੋਏ ਸਨ। ਸਾਲ 2006 ਵਿਚ ਜਲੰਧਰ ਬੱਸ ਅੱਡੇ ‘ਤੇ ਹੋਏ ਧਮਾਕੇ ਵਿਚ 3 ਲੋਕ ਮਾਰੇ ਗਏ ਸਨ ਅਤੇ ਦਰਜਨ ਭਰ ਜ਼ਖ਼ਮੀ ਹੋਏ ਸਨ। ਇਸੇ ਤਰ੍ਹਾਂ ਸਾਲ 2005 ਵਿਚ ਪੰਜਾਬ ਨਾਲ ਸੰਬੰਧਿਤ ਨਵੀਂ ਦਿੱਲੀ ਵਿਚ ਚੱਲ ਰਹੀ ਇਕ ਫ਼ਿਲਮ ਦੌਰਾਨ ਦੋ ਸਿਨੇਮਾ ਘਰਾਂ ਵਿਚ ਬੰਬ ਫਟੇ ਸਨ ਅਤੇ ਸਾਲ 2007 ਵਿਚ ਲੁਧਿਆਣਾ ਦੇ ਹੀ ਸ਼ਿੰਗਾਰ ਸਿਨੇਮਾ ਵਿਚ ਫਟੇ ਬੰਬਾਂ ਵਿਚ 6 ਲੋਕ ਮਾਰੇ ਗਏ ਸਨ ਅਤੇ 3 ਦਰਜਨ ਦੇ ਲਗਭਗ ਜ਼ਖ਼ਮੀ ਹੋਏ ਸਨ। ਪਠਾਨਕੋਟ ਫ਼ੌਜੀ ਹਵਾਈ ਅੱਡੇ ‘ਤੇ ਵੀ ਅੱਤਵਾਦੀਆਂ ਦਾ ਹਮਲਾ ਇਹ ਦਰਸਾਉਂਦਾ ਸੀ ਕਿ ਇਨ੍ਹਾਂ ਜਥੇਬੰਦੀਆਂ ਨੇ ਪੰਜਾਬ ਨੂੰ ਵੀ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ।
ਇਸ ਤੋਂ ਇਲਾਵਾ ਪਿਛਲੇ ਸਮੇਂ ਵਿਚ ਕੁਝ ਲੋਕਾਂ ਨੂੰ ਚੁਣ-ਚੁਣ ਕੇ ਵੀ ਮਾਰਿਆ ਗਿਆ ਹੈ। ਇਕ ਹੋਰ ਬੇਹੱਦ ਗੰਭੀਰ ਗੱਲ ਵੀ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਇਸੇ ਮਹੀਨੇ 4 ਹੱਥਗੋਲੇ ਅਤੇ ਟਿਫ਼ਨ ਬੰਬ ਬਰਾਮਦ ਕੀਤੇ ਗਏ ਸਨ। ਮਿਲੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਇਸ ਵਾਰ ਪੰਜਾਬ ਦੇ ਜ਼ਰੀਏ ਫਿਰ ਭਾਰਤ ਵਿਰੁੱਧ ਇਕ ਵੱਡੀ ਸਾਜਿਸ਼ ਰਚਣ ਦੀ ਫ਼ਿਰਾਕ ਵਿਚ ਹੈ। ਸਮੇਂ-ਸਮੇਂ ਪੁਲਿਸ ਵਲੋਂ ਵੱਡੇ ਹਥਿਆਰਾਂ ਅਤੇ ਹੱਥ ਗੋਲਿਆਂ ਦੀਆਂ ਖੇਪਾਂ ਵੀ ਬਰਾਮਦ ਕੀਤੀਆਂ ਜਾਂਦੀਆਂ ਰਹੀਆਂ ਹਨ। ਜੇਕਰ ਗੁਆਂਢੀ ਆਪਣੇ ਇਰਾਦਿਆਂ ਤੋਂ ਟਲਣ ਵਾਲਾ ਨਹੀਂ ਹੈ ਤਾਂ ਪੰਜਾਬ ਵਿਚ ਹਰ ਤਰ੍ਹਾਂ ਦੀ ਚੌਕਸੀ ਨੂੰ ਵਧਾਇਆ ਜਾਣਾ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਸੂਬੇ ਅਤੇ ਬਾਹਰ ਵਿਚਰ ਰਹੇ ਦੇਸ਼ ਵਿਰੋਧੀ ਅਨਸਰਾਂ ਦੀ ਸ਼ਨਾਖ਼ਤ ਲਈ ਸਰਕਾਰੀ ਤੰਤਰ ਨੂੰ ਵੀ ਪੁਖਤਾ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੋਵੇਗੀ। -ਬਰਜਿੰਦਰ ਸਿੰਘ ਹਮਦਰਦ