ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਦੂਸਰੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਭੱਦੀ ਤੇ ਬਲਾਚੌਰ ’ਚ ਲਾਕਡਾਊਨ ਕਾਰਨ ਰਹਿ ਗਏ ਲੱਕੜਾਂ ਚੀਰਨ ਤੇ ਸ਼ਾਲਾਂ ਵੇਚਣ ਆਏ 100 ਦੇ ਕਰੀਬ ਕਸ਼ਮੀਰੀਆਂ ’ਚੋਂ 90 ਨੂੰ ਅੱਜ ਤਿੰਨ ਬੱਸਾਂ ਰਾਹੀਂ ਲਖਨਪੁਰ ਬਾਰਡਰ ਵੱਲ ਰਵਾਨਾ ਕੀਤਾ ਗਿਆ। ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਇਨ੍ਹਾਂ ਕਸ਼ਮੀਰੀ ਵਿਅਕਤੀਆਂ ਨੂੰ ਇਸ ਲਾਕਡਾਊਨ ਦੌਰਾਨ ਸੰਭਾਲਣ ਲਈ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਤਹਿਸੀਲਦਾਰ ਚੇਤਨ ਬੰਗੜ ਅਤੇ ਡੀ ਐਸ ਪੀ ਜਤਿੰਦਰਜੀਤ ਸਿੰਘ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਇਸ ਠਹਿਰਾਅ ਦੌਰਾਨ ਰਾਸ਼ਨ ਪਹੁੰਚਾਉਣਾ ਤੇ ਉਨਾਂ ਦਾ ਖਿਆਲ ਰੱਖਣਾ ਵੱਡੀ ਚਣੌਤੀ ਸੀ, ਜਿਸ ਨੂੰ ਸਾਡੇ ਅਧਿਕਾਰੀਆਂ ਨੇ ਬੜੀ ਸੇਵਾ ਭਾਵਨਾ ਨਾਲ ਨਿਭਾਇਆ।
ਐਸ ਡੀ ਐਮ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 90 ਕਸ਼ਮੀਰੀ ਵਿਅਕਤੀਆਂ ਨੂੰ ਤਿੰਨ ਬੱਸਾਂ ’ਚ ਸੋਸ਼ਲ ਡਿਸਟੈਂਸਿੰਗ ਦੇ ਮੁਤਾਬਕ ਭੇਜਿਆ ਗਿਆ ਹੈ ਜਦਕਿ ਬਾਕੀ ਦੇ ਵਿਅਕਤੀਆਂ ਨੂੰ ਕਲ੍ਹ ਨਵਾਂਸ਼ਹਿਰ ਤੋਂ ਜਾਣ ਵਾਲੀ ਬੱਸ ਰਾਹੀਂ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਸਬ ਡਵੀਜ਼ਨਲ ਪ੍ਰਸ਼ਾਸਨ ਦੀ ਇਸ ਕੋਸ਼ਿਸ਼ ਨੂੰ ਸਨਮਾਨ ਦਿੰਦਿਆਂ ਤੁਰੰਤ ਪੰਜਾਬ ਰੋਡਵੇਜ਼ ਦੀਆਂ ਤਿੰਨ ਬੱਸਾਂ ਦਾ ਪ੍ਰਬੰਧ ਕਰਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 80 ਵਿਅਕਤੀ ਭੱਦੀ ਅਤੇ 10 ਬਲਾਚੌਰ ਵਿਖੇ ਠਹਿਰੇ ਹੋਏ ਸਨ, ਜਿਨ੍ਹਾਂ ਦਾ ਬਾਕਾਇਦਾ ਮੈਡੀਕਲ ਚੈਕ ਅਪ ਵੀ ਕਰਵਾਇਆ ਗਿਆ ਤਾਂ ਜੋ ਇਨ੍ਹਾਂ ਨੂੰ ਕੋਵਿਡ ਤੋਂ ਵੀ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਤਹਿਸੀਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲਾਕਡਾਊਨ ਦੌਰਾਨ ਲੋੜੀਂਦਾਂ ਰਾਸ਼ਨ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਜੰਮੂ ਤੇ ਕਸ਼ਮੀਰ ਲਈ ਰਵਾਨਾ ਹੋਏ ਇਨ੍ਹਾਂ ਵਿਅਕਤੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਦੀ ਸਾਂਭ-ਸੰਭਾਲ ਨਾ ਕਰਦਾ ਅਤੇ ਅੱਜ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਾ ਕਰਦਾ ਤਾਂ ਪਤਾ ਨਹੀਂ ਹੋਰ ਕਿੰਨਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪੈਣਾ ਸੀ।