
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਗਾਜ਼ਾ
ਪੱਟੀ ਨੂੰ ਆਪਣੇ ਕਬਜ਼ੇ ਵਿਚ ਲੈ ਲਵੇਗਾ। ਉਨਾਂ ਨੇ ਕਿਹਾ ਹੈ ਕਿ ਉਹ ਨਹੀਂ ਸੋਚਦੇ ਕਿ ਫਲਸਤੀਨੀਆਂ ਦਾ ਗਾਜ਼ਾ ਵਿਚ ਸਥਾਈ
ਭਵਿੱਖ ਹੈ। ਟਰੰਪ ਨੇ ਆਪਣੇ ਇਸਰਾਈਲੀ ਹਮਰੁੱਤਬਾ ਬੈਨਜਾਮਿਨ ਨੇਤਨਯਾਹੂ ਨਾਲ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਕਿਹਾ ਕਿ ”ਅਮਰੀਕਾ ਗਾਜ਼ਾ ਪੱਟੀ ਨੂੰ ਆਪਣੇ ਕਬਜ਼ੇ ਵਿਚ ਲੈ ਲਵੇਗਾ ਤੇ ਉਥੇ ਮੌਜੂਦ ਖਤਰਨਾਕ ਅਣਚੱਲੇ ਬੰਬਾਂ ਨੂੰ
ਨਕਾਰਾ ਕਰੇਗਾ ਤੇ ਤਬਾਹ ਹੋ ਚੁੱਕੀਆਂ ਇਮਾਰਤਾਂ ਤੋਂ ਛੁੱਟਕਾਰਾ ਦਿਵਾਏਗਾ।” ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਗਾਜ਼ਾ ਵਿਚ
ਅਮਰੀਕੀ ਫੌਜ ਭੇਜਣਗੇ ਤਾਂ ਉਨਾਂ ਨੇ ਇਸ ਨੂੰ ਰੱਦ ਨਹੀਂ ਕੀਤਾ। ਉਨਾਂ ਕਿਹਾ ਕਿ ਜਿਥੋਂ ਤੱਕ ਗਾਜ਼ਾ ਦਾ ਸਬੰਧ ਹੈ, ਅਸੀਂ ਉਹ ਹਰ
ਕਾਰਵਾਈ ਕਰਾਂਗੇ ਜਿਸ ਦੀ ਲੋੜ ਹੈ। ਅਜਿਹਾ ਕਰਨਾ ਜਰੂਰੀ ਹੈ। ਅਸੀਂ ਗਾਜ਼ਾ ਟੁੱਕੜੇ ਨੂੰ ਆਪਣੇ ਕਬਜ਼ੇ ਵਿਚ ਲਵਾਂਗੇ ਤੇ ਉਸ ਦਾ
ਵਿਕਾਸ ਕਰਾਂਗੇ।” ਟਰੰਪ ਦਾ ਇਹ ਬਿਆਨ ਇਹਿਤਾਹਸਕ ਹੈ ਖਾਸ ਕਰਕੇ ਉਸ ਰਾਸ਼ਟਰਪਤੀ ਦਾ ਬਿਆਨ ਜੋ ਮੱਧ ਪੂਰਬ ਵਿਚ
ਅਮਰੀਕਾ ਵੱਲੋਂ ਲੰਬੇ ਸਮੇ ਤੋਂ ਲੜੇ ਜਾ ਰਹੇ ਯੁੱਧ ਦੀ ਅਲੋਚਨਾ ਕਰਕੇ ਸੱਤਾ ਉਪਰ ਆਇਆ ਹੋਵੇ। ਇਸ ਤੋਂ ਪਹਿਲਾਂ ਟਰੰਪ ਨੇ
ਸੁਝਾਅ ਦਿੱਤਾ ਕਿ ਗਾਜ਼ੀਅਨ ਲੋਕਾਂ ਨੂੰ ਕਿਸੇ ਹੋਰ ਜਗਾ ਚਲੇ ਜਾਣਾ ਚਾਹੀਦਾ ਹੈ ਜੋ ਕਿਸੇ ਇਕ ਦੇਸ਼ ਜਾਂ ਮੱਧ ਪੂਰਬ ਦੇ ਜਿਆਦਾ
ਦੇਸ਼ਾਂ ਵੱਲੋਂ ਮੁਹੱਈਆ ਕਰਵਾਈ ਜਾਵੇ। ਨੇਤਨਯਾਹੂ ਨਾਲ ਓਵਾਲ ਦਫਤਰ ਵਿਚ ਗੱਲਬਾਤ ਕਰਨ ਤੋਂ ਪਹਿਲਾਂ ਟਰੰਪ ਨੇ ਕਿਹਾ ‘ਮੇਰਾ
ਮਤਲਬ ਹੈ ਕਿ ਫਲਸਤੀਨੀਆਂ ਕੋਲ ਹੋਰ ਕੋਈ ਬਦਲ ਨਹੀਂ ਹੈ। ਗਾਜ਼ਾ ਪੱਟੀ ਹੁਣ ਮਲਬੇ ਦਾ ਢੇਰ ਬਣ ਚੁੱਕੀ ਹੈ।’ ਇਕ ਪੱਤਰਕਾਰ
ਵੱਲੋਂ ਉੱਚੀ ਆਵਾਜ਼ ਵਿਚ ਗਾਜ਼ਾ ਪੱਟੀ ਨੂੰ ਫਲਸਤੀਨੀਆਂ ਦਾ ਘਰ ਕਹੇ ਜਾਣ ਨੂੰ ਅਖੋਂ ਪਰੋਖੇ ਕਰਦਿਆਂ ਟਰੰਪ ਨੇ ਸਵਾਲੀਆ
ਅੰਦਾਜ ਵਿਚ ਕਿਹਾ ਉਹ ਉਥੇ ਵਾਪਿਸ ਕਿਉਂ ਆਉਣਾ ਚਹੁੰਣਗੇ ਜੋ ਜਗਾ ਹੁਣ ਨਰਕ ਬਣ ਚੁੱਕੀ ਹੈ। ਟਰੰਪ ਨੇ ਕਿਹਾ ਗਾਜ਼ਾ ਦੀ
ਬਜਾਏ ਫਲਸਤੀਨੀਆਂ ਨੂੰ ਜਮੀਨ ਦਾ ਵਧੀਆ ਸੁੰਦਰ ਟੁੱਕੜਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗਾਜ਼ਾ
ਪੱਟੀ ਲੋਕਾਂ ਦੇ ਰਹਿਣਯੋਗ ਸਥਾਨ ਨਹੀਂ ਹੈ।