ਪੰਜਾਬ ਸਰਕਾਰ ਦੇ ਯਤਨਾਂ ਨਾਲ 9 ਵਿਦਿਆਰਥੀ ਕੋਟਾ ਤੋਂ ਘਰਾਂ ਨੂੰ ਪਰਤੇ

ਕੋਟਾ ਤੋਂ ਅੰਮ੍ਰਿਤਸਰ ਪੁੱਜੇ ਬੱਚਿਆਂ ਦੀ ਸਕਰੀਨਿੰਗ ਕਰਦੇ ਡਾਕਟਰ

ਅੰਮ੍ਰਿਤਸਰ (ਮੀਡੀਆ ਬਿਊਰੋ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਹਰੇਕ ਨਾਗਰਿਕ, ਜੋ ਕਿ ਦੇਸ਼ ਜਾਂ ਵਿਦੇਸ਼ ਵਿਚ ਇਸ ਸੰਕਟ ਮੌਕੇ ਫਸਿਆ ਹੈ, ਨੂੰ ਆਪਣੇ ਘਰ ਤੱਕ ਲਿਆਉਣ ਦੀ ਕੀਤੀ ਗਈ ਪਹਿਲ ਕਦਮੀ ਸਦਕਾ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ਵਿਚ ਫਸੇ ਹੋਏ ਅੰਮ੍ਰਿਤਸਰ ਦੇ 9 ਵਿਦਿਆਰਥੀ ਅੱਜ ਆਪਣੇ ਘਰਾਂ ਨੂੰ ਪਰਤੇ ਹਨ।

ਇਸ ਮੌਕੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਵਿਚ ਖੁਸ਼ੀ ਠੱਲੀ ਨਹੀਂ ਸੀ ਜਾ ਰਹੀ। ਸਾਰੇ ਬੱਚਿਆਂ ਤੇ ਮਾਪਿਆਂ ਨੇ ਸੰਕਟ ਦੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕਰਦੇ ਕਿਹਾ ਕਿ ਅਸੀਂ ਕਰਫਿਊ ਦੇ ਦਿਨ ਤੋਂ ਹੀ ਬੱਚਿਆਂ ਨੂੰ ਲਿਆਉਣ ਲਈ ਹੀਲਾ ਕਰ ਰਹੇ ਸੀ, ਪਰ ਦੋ ਰਾਜਾਂ ਦਾ ਮੁੱਦਾ ਹੋਣ ਕਾਰਨ ਕੋਈ ਸਫਲਤਾ ਨਹੀਂ ਸੀ ਮਿਲੀ। ਆਖਿਰ ਮੁੱਖ ਮੰਤਰੀ ਪੰਜਾਬ ਤੱਕ ਗੱਲ ਪਹੁੰਚਾਈ ਤਾਂ ਉਨਾਂ ਨੇ ਇਹ ਮੁੱਦਾ ਰਾਜਸਥਾਨ ਸਰਕਾਰ ਕੋਲ ਉਠਾ ਕੇ ਸਾਡੇ ਬੱਚਿਆਂ ਨੂੰ ਸਾਡੇ ਤੱਕ ਪਹੁੰਚਾਇਆ ਹੈ। ਦੱਸਣਯੋਗ ਹੈ ਕਿ ਅੱਜ ਪੰਜਾਬ ਦੇ 152 ਬੱਚੇ ਪੀ ਆਰ ਟੀ ਸੀ ਵੱਲੋਂ ਭੇਜੀਆਂ ਵਿਸ਼ੇਸ਼ ਬੱਸਾਂ ਰਾਹੀਂ ਪੰਜਾਬ ਆਏ ਹਨ। ਸਵੇਰੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬਾਰਡਰ ਤੇ ਪੰਜਾਬ ਸਰਕਾਰ ਨੇ ਇੰਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇੰਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਸੀ। ਉਥੇ ਹੀ ਸਰਕਾਰ ਵੱਲੋਂ ਜ਼ਿਲ੍ਹੇ ਦੀ ਹੱਦ ਉਤੇ ਇੰਨ੍ਹਾਂ ਨੂੰ ਨਾਸਤਾ ਦਿੱਤਾ ਗਿਆ। ਅੰਮ੍ਰਿਤਸਰ ਪੁੱਜਣ ਉਤੇ ਵੀ 9 ਬੱਚਿਆਂ ਦੀ ਡਾਕਟਰੀ ਜਾਂਚ ਛੇਹਰਟਾ ਸਿਹਤ ਕੇਂਦਰ ਵਿਚ ਕੀਤੀ ਗਈ ਅਤੇ ਸਾਰੇ ਬੱਚੇ ਪਰਮਾਤਮਾ ਦੀ ਕ੍ਰਿਪਾ ਨਾਲ ਤੰਦਰੁਸਤ ਮਿਲੇ। ਬੱਚਿਆਂ ਨੂੰ 14 ਦਿਨ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦੇ ਕੇ ਡਾਕਟਰਾਂ ਨੇ ਉਨਾਂ ਨੂੰ ਘਰਾਂ ਲਈ ਰਵਾਨਾ ਕਰ ਦਿੱਤਾ।

Share This :

Leave a Reply