ਅੰਮ੍ਰਿਤਸਰ (ਮੀਡੀਆ ਬਿਊਰੋ ) ਕਣਕ ਦੀ ਖਰੀਦ ਦੇ ਨੋਵੇਂ ਦਿਨ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ 17868 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਾ ਚੁੱਕੀ ਹੈ, ਜਿਸ ਵਿਚੋਂ ਜ਼ਿਆਦਾਤਰ ਸਰਕਾਰੀ ਏਜੰਸੀਆਂ ਵੱਲੋਂ ਹੀ ਕੀਤੀ ਗਈ ਹੈ। ਉਕਤ ਪ੍ਰਗਟਾਵਾ ਕਰਦੇ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਰਾਜਾਸਾਂਸੀ ਹਲਕੇ ਦੀਆਂ ਦਾਣਾ ਮੰਡੀਆਂ ਦੇ ਦੌਰੇ ਦੌਰਾਨ ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਫਸਲ ਦਾ ਇਕ-ਇਕ ਦਾਣਾ ਸਰਕਾਰ ਖਰੀਦੇਗੀ, ਤੁਸੀਂ ਕਾਹਲੀ ਨਹੀਂ ਕਰਨੀ ਤੇ ਆਪਣੀ ਵਾਰੀ ਨਾਲ ਕੂਪਨ ਉਤੇ ਕਣਕ ਮੰਡੀ ਲੈ ਕੇ ਆਉਣੀ ਹੈ।
ਇਸ ਦੇ ਨਾਲ-ਨਾਲ ਉਨਾਂ ਕਿਸਾਨਾਂ, ਮਜ਼ਦੂਰਾਂ ਨੂੰ ਆਪਸੀ ਦੂਰੀ ਬਣਾਈ ਰੱਖਣ ਤੇ ਹੱਥ ਚੰਗੀ ਤਰਾਂ ਧੋਣ ਦੀ ਅਪੀਲ ਵੀ ਕੀਤੀ। ਉਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਅਨੁਸਾਰ ਅਜੇ ਤੱਕ ਕੋਈ ਮੁਸ਼ਿਕਲ ਕਿਸਾਨਾਂ ਜਾਂ ਮਜ਼ਦੂਰਾਂ ਨੂੰ ਨਹੀਂ ਆਈ ਅਤੇ ਨਾ ਹੀ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਅਤੇ ਕਣਕ ਪਛੇਤੀ ਲੱਗੀ ਹੋਣ ਕਾਰਨ ਅਜੇ ਮੰਡੀਆਂ ਵਿਚ ਕਣਕ ਦਾ ਆਮਦ ਮੱਠੀ ਚੱਲ ਰਹੀ ਹੈ। ਇਸ ਮੌਕੇ ਜਿਲਾ ਖੁਰਾਕ ਸਪਲਾਈ ਕੰਟਰੋਲਰ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਮੰਡੀਆਂ ਵਿਚ 18102 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 17868 ਮੀਟਰਕ ਟਨ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ ਹੈ। ਇਸ ਵਿਚੋਂ ਪਨਗ੍ਰੇਨ ਵੱਲੋਂ 4754 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 6077 ਮੀਟ੍ਰਿਕ ਟਨ, ਪਨਸਪ ਵੱਲੋਂ 2034 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 3207 ਮੀਟ੍ਰਿਕ ਟਨ ਅਤੇ ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ 1796 ਮੀਟ੍ਰਿਕ ਟਨ ਕਣਕ ਖ਼ਰੀਦੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ ਵਿੱਚ ਜਨਤਕ ਵੰਡ ਲਈ 51189 ਮੀਟ੍ਰਿਕ ਟਨ ਕਣਕ ਵੀ ਖਰੀਦੀ ਗਈ ਹੈ। ਉਨਾਂ ਦੱਸਿਆ ਕਿ ਕਣਕ ਦੀ ਚੁਕਾਈ ਦਾ ਕੰਮ ਵੀ ਨਾਲੋ-ਨਾਲ ਜਾਰੀ ਹੈ ਅਤੇ ਹੁਣ ਤੱਕ ਖਰੀਦ ਕੀਤੀ ਕਣਕ ਵਿਚੋਂ ਕਰੀਬ 55 ਪ੍ਰਤੀਸ਼ਤ ਕਣਕ ਮੰਡੀਆਂ ਵਿਚੋਂ ਵੇਅਰ ਹਾਊਸ ਵਿਚ ਜਾ ਚੁੱਕੀ ਹੈ।