ਅੰਮ੍ਰਿਤਸਰ (ਮੀਡੀਆ ਬਿਊਰੋ ) ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਤੋਂ 18 ਰੇਲ ਗੱਡੀਆਂ ਵੱਖ-ਵੱਖ ਥਾਵਾਂ ਲਈ ਪ੍ਰਵਾਸੀਆਂ ਨੂੰ ਲੈ ਕੇ ਜਾ ਚੁੱਕੀਆਂ ਹਨ । ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਟ੍ਰੇਨਾਂ ਦੀ ਲਗਾਤਾਰਤਾ ਵਿਚ ਅੱਜ ਪੰਜਾਬ ਭਰ ਵਿਚੋਂ 200ਵੀਂ ਟ੍ਰੇਨ ਜਿਲ੍ਹਾ ਅੰਮ੍ਰਿਤਸਰ ਤੋਂ ਮਹਾਰਾਸ਼ਟਰਾ ਲਈ ਬਾਅਦ ਦੁਪਹਿਰ 2 ਵਜੇ ਰਵਾਨਾ ਹੋਈ। ਉਨਾਂ ਦੱਸਿਆ ਕਿ ਇਸ ਟ੍ਰੇਨ ਵਿਚ 703 ਦੇ ਕਰੀਬ ਯਾਤਰੀ ਸਵਾਰ ਸਨ, ਜੋ ਪੰਜਾਬ ਭਰ ਦੇ 22 ਜਿਲਿਆਂ ਤੋਂ ਆਏ ਹੋਏ ਸਨ।
ਸ੍ਰ. ਢਿਲੋਂ ਨੇ ਦੱਸਿਆ ਕਿ ਇਸ ਟਰੇਨ ਵਿੱਚ ਕੁਝ ਪੰਜਾਬੀ ਵੀ ਸ਼ਾਮਲ ਸਨ ਜੋ ਕਿ ਪੂਨਾ ਵਿਖੇ ਕੰਮ ਕਰਦੇ ਹਨ, ਵੀ ਗਏ ਹਨ। ਸ: ਢਿਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਉਦਯੋਗਾਂ ਅਤੇ ਕਾਰੋਬਾਰ ਦਾ ਕੰਮ ਸ਼ੁਰੂ ਹੋਣ ਨਾਲ ਪ੍ਰਵਾਸੀਆਂ ਦੀ ਗਿਣਤੀ ਘਰਾਂ ਨੂੰ ਜਾਣ ਲਈ ਘੱਟ ਗਈ ਹੈ ਅਤੇ ਕਈ ਪ੍ਰਵਾਸੀਆਂ ਵਲੋਂ ਰਜਿਸਟਰੇਸ਼ਨ ਕਰਵਾਉਣ ਦੇ ਬਾਵਜੂਦ ਵੀ ਆਪਣੇ ਘਰਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਕਾਰੋਬਾਰ ਖੁਲਣ ਨਾਲ ਉਨਾਂ ਨੂੰ ਮੁੜ ਰੋਜ਼ਗਾਰ ਮੁਹੱਈਆ ਹੋ ਗਿਆ ਹੈ ਇਸ ਲਈ ਉਹ ਆਪਣੇ ਪਿੱਤਰੀ ਰਾਜ ਨੂੰ ਵਾਪਸ ਨਹੀਂ ਜਾਣਾ ਚਾਹੁੰਦੇ । ਸ. ਢਿੱਲੋਂ ਨੇ ਦੱਸਿਆ ਕਿ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਕਿਰਤੀਆਂ ਦੀ ਕਦਰ ਕਰਦੇ ਹੋਏ ਟ੍ਰੇਨਾਂ ਲਈ ਸਰਕਾਰੀ ਖਜ਼ਾਨੇ ‘ਚੋਂ ਹੀ ਖ਼ਰਚ ਕੀਤਾ ਹੈ ਅਤੇ ਕਿਸੇ ਪ੍ਰਵਾਸੀ ਕੋਲੋਂ ਟਿਕਟ ਜਾਂ ਖਾਣੇ ਦਾ ਪੈਸਾ ਨਹੀਂ ਲਿਆ ਜਾਂਦਾ। ਪੰਜਾਬ ਵੱਲੋਂ ਰੋਜ਼ਾਨਾ 20 ਤੋਂ ਜ਼ਿਆਦਾ ਰੇਲ ਗੱਡੀਆਂ ਵੱਖ-ਵੱਖ ਰਾਜਾਂ ਨੂੰ ਭੇਜੀਆਂ ਜਾ ਰਹੀਆਂ ਹਨ, ਜਦਕਿ ਅੰਮ੍ਰਿਤਸਰ ਤੋਂ ਔਸਤਨ 2 ਰੇਲ ਗੱਡੀਆਂ ਜਾ ਰਹੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ, ਐਸ:ਡੀ:ਐਮ ਵਿਕਾਸ ਹੀਰਾ, ਤਹਿਸੀਲਦਾਰ ਸ: ਵੀਰਕਿਰਨ ਸਿੰਘ, ਸ: ਅਰਵਿੰਦਰਪਾਲ ਸਿੰਘ ਅਤੇ ਸ: ਹਰਦੀਪ ਸਿੰਘ ਹਾਜ਼ਰ ਸਨ।