ਪੰਜਾਬ ਵਿਚ ਕਰਫ਼ਿਊ ਦਾ ਹੋਰ ਵਾਧਾ ਘਾਤਕ : ਕਲਵਾਣੂੰ

ਪਟਿਆਲਾ (ਅਰਵਿੰਦਰ ਸਿੰਘ) ਅੱਜ ਪ੍ਰਦੇਸ਼, ਦੇਸ਼, ਵਿਦੇਸ਼ ਸਾਰੇ ਦੇ ਸਾਰੇ ਕੋਰੋਨਾ ਬਿਮਾਰੀ ਦੀ ਲਪੇਟ ਵਿਚ ਹਨ। ਸਾਰੇ ਪਾਸੇ ਹਾਹਾਕਾਰ ਹੈ। ਇਨਸਾਨੀ ਮੌਤਾਂ ਅਤੇ ਬਿਮਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੀ ਕੁਲ ਆਬਾਦੀ ਗੈਰ ਸਰਕਾਰੀ ਅੰਕੜਿਆਂ ਮੁਤਾਬਿਕ 150 ਕਰੋੜ ਤੋਂ ਵੀ ਵੱਧ ਹੈ। ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਯੂ.ਪੀ. ਤੇ ਪੰਜਾਬ ਵਿਚ ਲਗਾਤਾਰ ਕੋਰੋਨਾ ਦੀ ਮਹਾਂਮਾਰੀ ਫੈਲ ਰਹੀ ਹੈ। ਇਕ ਸਮੇਂ ਪੰਜਾਬ ਦਾ ਮਿਹਨਤਕਸ਼ ਅਵਾਮ ਸਭ ਤੋਂ ਵੱਧ ਪੀੜਤ ਹੈ।

ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਬਹੁਤ ਸ਼ਿੱਦਤ ਨਾਲ ਸੇਵਾ ਨਿਭਾ ਰਹੇ ਹਨ ਸਾਡੇ ਵਜ਼ੀਰ ਤੇ ਸਰਕਾਰੀ ਉੱਚ ਅਧਿਕਾਰੀ ਜ਼ਮੀਨੀ ਹਕੀਕਤ ਤੋਂ ਨਾਵਾਕਫ਼ ਹਨ। ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਸੀਮਤ ਹਨ। ਅਜੋਕੇ ਸਮੇਂ ਪੰਜਾਬ ਦੇ ਅਰਥਚਾਰੇ ਦਾ ਲੱਕ ਟੁੱਟ ਗਿਆ ਹੈ। ਹੁਣ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਫ਼ਸਲ ਦੇ ਅੰਬਾਰ ਲੱਗ ਰਹੇ ਹਨ। ਪਰੰਤੂ ਸਰਕਾਰੀ ਕੀਮਤ ਦੇ ਕੋਈ ਪ੍ਰਬੰਧ ਨਹੀਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਨੂੰ ਇਕਾਈ ਮੰਨ ਕੇ ਸਰਕਾਰੀ ਸਕੂਲਾਂ ਨੂੰ ਸਬ ਯਾਰਡ ਘੋਸ਼ਿਤ ਕਰ ਕੇ ਕਣਕ ਦੀ ਖ਼ਰੀਦ ਪਿੰਡਾਂ ਵਿਚ ਹੀ ਕੀਤੀ ਜਾਵੇ ਤੇ ਰਕਮ ਦੀ ਅਦਾਇਗੀ ਵੀ ਤੁਰੰਤ ਯਕੀਨੀ ਬਣਾਈ ਜਾਵੇ। ਇਨਾਂ ਵਿਚਾਰਾਂ ਦਾ ਨਿੱਜੀ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਜਨਕ ਰਾਜ ਕਲਵਾਣੂੰ ਨੇ ਕੀਤਾ। ਉਨਾਂ ਆਖਿਆ ਕਿ ਪੰਜਾਬ ਦੀ ਆਰਥਿਕਤਾ ਖੇਤੀ ‘ਤੇ ਆਧਾਰਤ ਹੈ। ਖੇਤੀ ਨਾਲ ਹੀ ਪੰਜਾਬ ਦਾ ਸਾਰਾ ਅਰਥਚਾਰਾ ਜੁੜਿਆ ਹੋਇਆ ਹੈ।

ਅੱਜ ਪੰਜਾਬ ਅੰਦਰ ਮਰੀਜ਼ਾਂ ਦੀ ਪਛਾਣ ਦੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ। ਔਸਤਨ ਮਰੀਜ਼ਾਂ ਦੀ ਮੌਤ ਪੰਜਾਬ ਵਿਚ ਦੇਸ਼ ਵਿਚੋਂ ਸਭ ਤੋਂ ਵੱਧ ਹੈ। ਪੰਜਾਬ ਦੀ 40 ਫ਼ੀਸਦੀ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ। ਬਹੁਤੇ ਪਰਿਵਾਰਾਂ ਨੂੰ ਇਕ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਉਨਾਂ ਸ਼ੋ੍ਰਮਣੀ ਕਮੇਟੀ ਵਲੋਂ ਨਿਭਾਏ ਲਗਾਤਾਰ ਲੰਗਰ ਸੇਵਾ ਦੀ ਵੀ ਪ੍ਰਸੰਸਾ ਕੀਤੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਦੇਸ਼ ਨੂੰ ਮੁੜ ਲੀਹਾਂ ‘ਤੇ ਰੱਖਣ ਲਈ ਕਿਸਾਨ, ਦਿਹਾਤੀ ਮਜ਼ਦੂਰ, ਬਸਤੀਆਂ ਦੇ ਮਜ਼ਦੂਰ, ਦੁਕਾਨਦਾਰ ਅਤੇ ਸਨਅਤੀ ਮਜ਼ਦੂਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਦੇਣ ਲਈ ਬੋਨਸ ਦਾ ਵੀ ਉਪਰਾਲਾ ਕਰਨਾ ਚਾਹੀਦਾ ਹੈ। ਅੱਜ ਦੇਸ਼ ਕੇਰਲਾ ਪ੍ਰਦੇਸ਼ ਦੀ ਖੱਬੇ ਪੱਖੀ ਸਰਕਾਰ ਵਲੋਂ ਉਠਾਏ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰ ਰਿਹਾ ਹੈ। ਕੇਰਲਾ ਅਤੇ ਦਿਲੀ ਸਰਕਾਰਾਂ ਨੇ ਇਸ ਦੌਰ ਵਿਚ ਲੋਕਾਂ ਦੀ ਮੁਸ਼ਕਲ ਘੜੀ ਵਿਚ ਬਾਂਹ ਫੜੀ ਹੈ। ਸੋ, ਪੰਜਾਬ ਸਰਕਾਰ ਆਪਣੇ ਸਾਰੇ ਵਿੱਤੀ ਸਾਧਨ ਤੇ ਮਸ਼ੀਨਰੀ ਤੁਰੰਤ ਪੰਜਾਬੀਆਂ ਦੀ ਸੇਵਾ ਲਈ ਵਰਤੇ ਨਹੀਂ ਤਾਂ ਲੋਕ ਭੁੱਖਮਰੀ ਨਾ ਸਹਾਰਦੇ ਹੋਏ ਛੇਤੀ ਹੀ ਸੜਕਾਂ ਤੇ ਆ ਜਾਣਗੇ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ। ਸੋ, ਇਨਾਂ ਤੱਥਾਂ ਨੂੰ ਮੁੱਖ ਰੱਖਦੇ ਹੋਏ ਸਰੀਰਕ ਦੂਰੀ ਦੀ ਹਦਾਇਤ ਕਰਕੇ ਕਰਫ਼ਿਊ ਵਿਚ ਢਿੱਲ ਦੇਣੀ ਬਹੁਤ ਜ਼ਰੂਰੀ ਹੈ।

Share This :

Leave a Reply