ਪੰਜਾਬ ਪੁਲਿਸ ਦੇ ਜੁਆਨ ਸਰਬਣ ਪੁੱਤ ਬਣੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਲਈ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਪੁਲਿਸ ਭਗਤ ਸਿੰਘ ਨਗਰ ਦੇ ਜੁਆਨ ਜ਼ਿਲ੍ਹੇ ਦੇ ਇਕੱਲੇ-ਕਹਿਰੇ ਬਜ਼ੁਰਗਾਂ ਲਈ ਸਰਬਣ ਪੁੱਤ ਬਣ ਕੇ ਉਭਰ ਰਹੇ ਹਨ। ਪਿੰਡ-ਪਿੰਡ ਜਾ ਕੇ ਉਨ੍ਹਾਂ ਬਜ਼ੁਰਗਾਂ ਜਿਹੜੇ ਜਾਂ ਤਾਂ ਆਪਣੇ ਪਰਿਵਾਰਾਂ ਦੇ ਵਿਦੇਸ਼ ਜਾਂ ਰੋਜ਼ਗਾਰ ਲਈ ਹੋਰਨਾਂ ਥਾਂਵਾਂ ’ਤੇ ਗਏ ਹੋਣ ਕਾਰਨ ਇਕੱਲੇ ਹਨ ਜਾਂ ਫ਼ਿਰ ਉਹ ਬਜ਼ੁਰਗ ਜਿਨ੍ਹਾਂ ਦਾ ਕੋਈ ਸਹਾਰਾ ਹੀ ਨਹੀਂ, ਉਨ੍ਹਾਂ ਦੀ ਸੂਚੀ ਬਣਾ ਕੇ ਆਪਣੀ ਜ਼ਿਲ੍ਹਾ ਪੱਧਰੀ ਸੰਸਥਾ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਨੂੰ ਭੇਜ ਰਹੇ ਹਨ।

ਐਸ ਐਸ ਪੀ ਅਲਕਾ ਮੀਨਾ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਾਏ ਕਰਫ਼ਿਊ ਤੋਂ ਬਾਅਦ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਐਨ ਆਰ ਆਈ ਜ਼ਿਲ੍ਹਾ ਹੋਣ ਕਾਰਨ ਬਹੁਤ ਸਾਰੇ ਪਿੰਡਾਂ ’ਚ ਇਕੱਲੇ-ਕਹਿਰੇ ਬਜ਼ੁਰਗ ਰਹਿ ਰਹੇ ਹਨ। ਅਜਿਹੇ ਸਮੇਂ ’ਚ ਉਨ੍ਹਾਂ ਨੂੰ ਜਿੱਥੇ ਬਿਮਾਰੀ ਪ੍ਰਤੀ ਸਾਵਧਾਨੀਆਂ ਦੱਸ ਕੇ ਜਾਗਰੂਕ ਕਰਨਾ ਜ਼ਰੂਰੀ ਹੈ ਉੱਥੇ ਉਨ੍ਹਾਂ ਦੀ ਰੋਜ਼-ਮੱਰ੍ਹਾ ਦੀ ਲੋੜਾਂ ਵੀ ਪੂਰੀਆਂ ਕਰਨ ਦੀ ਲੋੜ ਹੈ। ਉਕਤ ਮੁਹਿੰਮ ਦੀ ਸ਼ੁਰੂਆਤ ਇਕਲੌਤੇ ਰਹਿ ਰਹੇ ਬਜ਼ੁਰਗਾਂ ਦੀ ਸਾਰ ਲੈਣ ਲਈ ਹੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਦੇ ਡੀ ਐਸ ਪੀ ਰਾਜ ਕੁਮਾਰ ਨੂੰ ਸੌਂਪੀ ਗਈ ਹੈ। ਇਸ ਮੁਹਿੰਮ ਤਹਿਤ ਹਰ ਥਾਣੇ ਦੇ ਵਿੱਚ ਇੱਕ-ਇੱਕ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ ਜੋ ਥਾਣੇ ਦੇ ਮੁੱਖ ਅਫ਼ਸਰ ਨਾਲ ਸੰਪਰਕ ਕਰਕੇ ਕਿਸੇ ਵੀ ਕਾਰਨ ਇਕਲੌਤੇ ਤੇ ਲੋੜਵੰਦ ਬਜ਼ੁਰਗਾਂ ਦੀਆਂ ਲੋੜਾਂ ਜਿਵੇਂ ਕਿ ਦਵਾਈਆਂ, ਘਰ ’ਚ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ, ਮੋਬਾਈਲ ਰੀਚਾਰਜ, ਗੈਸ ਸਿਲੰਡਰ ਰੀਚਾਰਜ ਜਾਂ ਹੋਰ ਜ਼ਰੂਰਤਾਂ ਪੂਰੀਆ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਸਰਾ ਬਣਨ ਦੀ ਜ਼ਿੰਮੇਵਾਰੀ ਲੈਣਗੇ। ਇਸ ਮੁਹਿੰਮ ਤਹਿਤ ਸ਼ਨਾਖਤ ਤੋਂ ਉਪਰੰਤ ਅਜਿਹੇ ਬਜ਼ੁਰਗਾਂ ਤੱਕ ਪਹੁੰਚ ਕਰਕੇ ਨੇਕ ਪੁਤਰਾਂ ਵਾਂਗ ਉਨ੍ਹਾਂ ਦੀ ਹਰ ਲੋੜ ਦਾ ਧਿਆਨ ਰੱਖਿਆ ਜਾਵੇਗਾ। ਇਨ੍ਹਾਂ ਪੁਲਿਸ ਜੁਆਨਾਂ ਵੱਲੋਂ ਹਰੇਕ ਬਜ਼ੁਰਗ ਨੂੰ ਆਪੋ-ਆਪਣਾ ਫੋਨ ਨੰਬਰ ਦਿੱਤਾ ਜਾ ਰਿਹਾ ਹੈ ਜਿਸ ’ਤੇ ਉਹ ਬਾਅਦ ਵਿੱਚ ਦੁਬਾਰਾ ਕੋਈ ਵੀ ਲੋੜ ਪੈਣ ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਐਨ ਜੀ ਓਜ਼ ਤੇ ਦਾਨੀ ਸੱਜਣਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਯੋਗਦਾਨ ਨਾਲ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਦੇ ਬੈਨਰ ਹੇਠ ਪਹਿਲਾਂ ਜ਼ਿਲ੍ਹਾ ਪੁਲਿਸ ਵੱਲੋਂ ਨਵਾਂਸ਼ਹਿਰ ਦੇ ਡਾ. ਆਸਾ ਨੰਦ ਸਕੂਲ ਵਿਖੇ ਰਾਹਤ ਕੈਂਪ ਬਣਾ ਕੇ, ਸਮੁੱਚੇ ਜ਼ਿਲ੍ਹੇ ’ਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਪੱਕਿਆ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਸੇਵੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵਿੱਚ 6439 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਜਦਕਿ 156880 ਵਿਅਕਤੀਆਂ ਨੂੰ ਪੱਕਿਆ ਖਾਣਾ ਦਿੱਤਾ ਜਾ ਚੁੱਕਾ ਹੈ ਅਤੇ ਇਹ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਰਫ਼ਿਊ ਦੌਰਾਨ ਮਹਿਲਾਵਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਜੋ ਕਿ ਸੈਨੇਟਰੀ ਪੈਡਜ਼ ਦੀ ਜ਼ਰੂਰਤ ਹੁੰਦੀ ਹੈ, ਦਾ ਹੱਲ ਵੀ ਐਨ ਜੀ ਓ ਆਵਾਜ਼ ਸੰਸਥਾ ਰਾਹੀਂ ਆਨਲਾਈਨ ਸਪਲਾਈ ਮੁਹੱਈਆ ਕਰਵਾ ਕੇ ਕੀਤਾ ਗਿਆ ਹੈ। ਇਸ ਲਈ ਦੋ ਹੈਲਪਲਾਈਨ ਨੰ. 9645507474 ਅਤੇ 9645276499 ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਰੀਬ ਲੋਕਾਂ ਨੂੰ ਸੈਨੇਟਰੀ ਪੈਡ ਮੁਫ਼ਤ ਅਤੇ ਸਮਰੱਥ ਲੋਕਾਂ ਨੂੰ ਅਦਾਇਗੀ ’ਤੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਪਾਸੋਂ ਆ ਰਹੇ ਯੋਗਦਾਨ ਦਾ ਸਮੁੱਚਾ ਲੇਖਾ-ਜੋਖਾ ‘ਹੈਲਪਿੰਗ ਹੈਂਡ ਐਸ ਬੀ ਐਸ ਨਗਰ ਪੁਲਿਸ’ ਫ਼ੇਸ ਬੁੱਕ ਪੇਜ਼ ’ਤੇ ਰੋਜ਼ਾਨਾ ਪਾਇਆ ਜਾ ਰਿਹਾ ਹੈ।

Share This :

Leave a Reply