ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ) 4 ਦਸੰਬਰ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 35-ਏ ਵਿੱਚ ਸਥਿਤ ਕਿਸਾਨ ਭਵਨ ਵਿਖੇ ਸਿਲਕ ਐਕਸਪੋ -2024 ਦਾ ਉਦਘਾਟਨ ਕੀਤਾ। ਸਿਲਕ ਮਾਰਕ ਆਰਗੇਨਾਈਜੇਸ਼ਨ ਆਫ ਇੰਡੀਆ, ਸੈਂਟਰਲ ਸਿਲਕ ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਬਾਗਬਾਨੀ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਪਹਿਲਾ ਸਮਾਗਮ ਹੈ। ਮੰਤਰੀ ਨੇ ‘ ਦਾ ਜਰਨੀ ਆਫ਼ ਸੈਰੀਕਲਚਰ ਇਨ ਪੰਜਾਬ’ ਸਿਰਲੇਖ ਵਾਲਾ ਬਰੋਸ਼ਰ ਵੀ ਜਾਰੀ ਕੀਤਾ। ਇਹ ਸੂਬੇ ਵਿੱਚ ਰੇਸ਼ਮ ਦੀ ਖੇਤੀ ਦੇ ਵਿਕਾਸ, ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਦਾ ਹੈ। ਇਸ ਐਕਸਪੋ ਦਾ ਉਦੇਸ਼ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਇੱਕ ਢੁਕਵਾਂ ਮੰਚ ਪ੍ਰਦਾਨ ਕਰਨਾ ਹੈ।
ਸਮਾਗਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜੋ ਗਿਆਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਇਸ ਸਮਾਗਮ ਵਿੱਚ ਸਕੱਤਰ ਬਾਗਬਾਨੀ ਸ੍ਰੀ ਅਜੀਤ ਬਾਲਾਜੀ ਜੋਸ਼ੀ, ਕੇਂਦਰੀ ਸਿਲਕ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਪੀ. ਸਿਵਾਕੁਮਾਰ ਅਤੇ ਪੰਜਾਬ ਬਾਗਬਾਨੀ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਮਹਿੰਦਰ ਭਗਤ ਨੇ ਰੇਸ਼ਮ ਦੀ ਖੇਤੀ ਵਿੱਚ ਪੰਜਾਬ ਦੀ ਸ਼ਾਨਦਾਰ ਤਰੱਕੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਸ਼ਮ ਦਾ ਉਤਪਾਦਨ ਪੰਜਾਬ ਦੇ ਚਾਰ ਜ਼ਿਲਿ੍ਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਿੱਚ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 13 ਸਰਕਾਰੀ ਸੈਰੀਕਲਚਰ ਫਾਰਮ ਹਨ, ਜਿੱਥੇ ਤਕਨੀਕੀ ਸਟਾਫ਼ ਦੇ ਸਹਿਯੋਗ ਨਾਲ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕੀਤਾ ਜਾਂਦਾ ਹੈ।
ਮੰਤਰੀ ਭਗਤ ਨੇ ਕਿਹਾ, “ਪੰਜਾਬ ਵਿੱਚ ਕੋਕੂਨ ਦੀ ਕੀਮਤ 550 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 1,250 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ, ਇਹ ਸਰਕਾਰੀ ਯਤਨਾਂ ਸਦਕਾ ਸੰਭਵ ਹੋਇਆ ਹੈ। ਸਰਕਾਰ ਵੱਲੋਂ ਰੇਸ਼ਮ ਦੇ ਕਾਸ਼ਤਕਾਰਾਂ ਵਿਸ਼ੇਸ਼ ਕਰਕੇ ਇਸ ਖੇਤਰ ਨਾਲ ਜੁੜੀਆਂ ਔਰਤਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਨੂੰ ਯਕੀਨੀ ਬਣਾਇਆ ਗਿਆ ਹੈ। ਸੂਬਾ ਪੇਂਡੂ ਭਾਈਚਾਰਿਆਂ ਨੂੰ ਉੱਚਾ ਚੁੱਕਣ ਲਈ ਇਸ ਖੇਤਰ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ।’’
ਮੰਤਰੀ ਭਗਤ ਨੇ ‘ਸਕੋਚ ਨੈਸ਼ਨਲ ਐਵਾਰਡ -2024 ’ ਵੱਕਾਰੀ ਸਿਲਵਰ ਐਵਾਰਡ ਜਿੱਤਣ ਦੇ ਨਾਲ-ਨਾਲ ਸੈਰੀਕਲਚਰ ਦੇ ਖੇਤਰ ਵਿੱਚ ਪੰਜਾਬ ਦੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ । ਇਹ ਪੁਰਸਕਾਰ ਰੇਸ਼ਮ ਦੀ ਖੇਤੀ ਪ੍ਰੋਜੈਕਟ ਰਾਹੀਂ “ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ”ਨੂੰ ਉਤਸ਼ਾਹਿਤ ਕਰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਰਾਜ ਨੇ ਆਪਣੇ ਰੇਸ਼ਮ ਦੀ ਖੇਤੀ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ, ਜਿਸ ਵਿੱਚ ਕੋਕੂਨ ਦਾ ਉਤਪਾਦਨ ਸਾਲਾਨਾ 29,000 ਕਿਲੋ ਤੱਕ ਪਹੁੰਚ ਗਿਆ ਹੈ। ‘ ਪੰਜਾਬ ਸਿਲਕ’ ਬ੍ਰਾਂਡ ਨੂੰ ਲਾਂਚ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿਲਕ ਰੀਲਿੰਗ ਯੂਨਿਟ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਚੱਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਰੇਸ਼ਮ ਦੇ ਕੀੜੇ ਪਾਲਣ ਦੇ ਸ਼ੈੱਡਾਂ, ਲੋੜੀਂਦਾ ਸਾਜ਼ੋ-ਸਾਮਾਨ ਆਦਿ ਲਈ 65% ਤੱਕ ਦੀ ਸਬਸਿਡੀ ਦੇ ਨਾਲ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ 60 ਫੀਸਦ ਤੋਂ ਵੱਧ ਔਰਤਾਂ ਹਨ।
ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਰਾਜ ਪੱਧਰ ’ਤੇ ਰੇਸ਼ਮ ਦੇ ਬੀਜ ਉਤਪਾਦਨ ਨੂੰ ਸਮਰੱਥ ਬਣਾਉਣ ਅਤੇ ਰੇਸ਼ਮ ਕਾਸ਼ਤਕਾਰਾਂ ਨੂੰ ਇਹ ਬੀਜ ਮਾਮੂਲੀ ਕੀਮਤਾਂ ’ਤੇ ਮੁਹੱਈਆ ਕਰਵਾਉਣ ਲਈ ਡਲਹੌਜ਼ੀ ਵਿੱਚ ਬੰਦ ਪਏ ਸਿਲਕ ਸੀਡ ਪਰੋਡਕਸ਼ਨ ਸੈਂਟਰ ਨੂੰ ਮੁੜ ਕਾਰਜਸ਼ੀਲ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੇਂਡੂ ਭਾਈਚਾਰਿਆਂ ਨੂੰ ਸਮਰੱਥ ਬਣਾਉਣ , ਢੁਕਵੀਂ ਉਪਜੀਵਕਾ ਕਮਾਉਣ ਅਤੇ ਰੇਸ਼ਮ ਉਦਯੋਗ ਨੂੰ ਮਜ਼ਬੂਤ ਕਰਨ, ਇਸ ਦੇ ਵਿਕਾਸ ਅਤੇ ਵਿਸ਼ਵ ਪੱਧਰ ’ਤੇ ਮਾਨਤਾ ਨੂੰ ਯਕੀਨੀ ਬਣਾ ਰਹੀ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਗਬਾਨੀ ਦੇ ਸਕੱਤਰ ਬਾਗਬਾਨੀ ਸ੍ਰੀ ਅਜੀਤ ਬਾਲਾਜੀ ਜੋਸ਼ੀ ਨੇ ਰੇਸ਼ਮ ਕਿਸਾਨਾਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਲਕ ਐਕਸਪੋ ਵਰਗੀਆਂ ਪਹਿਲਕਦਮੀਆਂ ਦਾ ਉਦੇਸ਼ ਰੇਸ਼ਮ ਉਦਯੋਗ ਨੂੰ ਹੁਲਾਰਾ ਦੇਣਾ ਅਤੇ ਪੇਂਡੂ ਭਾਈਚਾਰਿਆਂ, ਖਾਸ ਕਰਕੇ, ਰਾਜ ਵਿੱਚ ਰੇਸ਼ਮ ਵਪਾਰ ਨਾਲ ਜੁੜੀਆਂ ਔਰਤਾਂ ਲਈ ਟਿਕਾਊ ਮੌਕੇ ਪੈਦਾ ਕਰਨਾ ਹੈ।
ਕੇਂਦਰੀ ਰੇਸ਼ਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਪੀ. ਸ਼ਿਵਕੁਮਾਰ ਨੇ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਰੇਸ਼ਮ ਦੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਕੇਂਦਰੀ ਰੇਸ਼ਮ ਬੋਰਡ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।