ਪੰਜਾਬ ਦਾ ਬਕਾਇਆ ਜੀ ਐੱਸ ਟੀ ਜਾਰੀ ਕਰੇ ਕੇਂਦਰ ਸਰਕਾਰ : ਮਨੀਸ਼ ਤਿਵਾੜੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੋਂ ਸੂਬੇ ਦਾ ਬਕਾਇਆ ਜੀਐਸਟੀ ਜਾਰੀ ਕਰਨ ਦੀ ਮੰਗ ਕੀਤੀ ਹੈ। ਐੱਮ.ਪੀ ਤਿਵਾੜੀ ਲਗਾਤਾਰ ਹਲਕੇ ਦੇ ਹਾਲਾਤਾਂ ਤੇ ਨਜ਼ਰ ਰੱਖੇ ਹੋਏ ਹਨ ਅਤੇ ਲਗਾਤਾਰ ਸਥਾਨਕ ਅਫ਼ਸਰਾਂ ਤੇ ਪਾਰਟੀ ਦੇ ਵਰਕਰਾਂ ਤੋਂ ਜਾਣਕਾਰੀ ਲੈ ਰਹੇ ਹਨ। ਤਿਵਾੜੀ ਵੱਲੋਂ ਸ਼ੁੱਕਰਵਾਰ ਨੂੰ ਹਲਕੇ ਦੇ ਵਿਧਾਇਕਾਂ, ਮਾਰਕੀਟ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਕਮੇਟੀ ਮੈਂਬਰਾਂ, ਸਰਪੰਚਾਂ ਸਮੇਤ ਪਾਰਟੀ ਦੇ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ।

ਇਸ ਦੌਰਾਨ ਹਾਲਾਤਾਂ ਤੇ ਚਰਚਾ ਕਰਦਿਆਂ, ਤਿਵਾੜੀ ਨੇ ਕਿਹਾ ਕਿ ਕੇਂਦਰ ਨੂੰ ਪੰਜਾਬ ਸਰਕਾਰ ਦਾ ਬਕਾਇਆ ਜੀਐੱਸਟੀ ਜਲਦ ਤੋਂ ਜਲਦ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਉਸ ਦੀ ਵਰਤੋਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਚ ਹੋ ਸਕੇ। ਜਦਕਿ ਵੱਖ-ਵੱਖ ਬਲਾਕ ਸੰਮਤੀ ਮੈਂਬਰਾਂ ਵੱਲੋਂ ਬੀਤੇ ਦਿਨੀਂ ਕੁਦਰਤੀ ਆਫ਼ਤ ਕਾਰਨ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਤਿਵਾੜੀ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ ਹੇਠ ਕੱਲ੍ਹ ਹੋਣ ਵਾਲੀ ਕਾਂਗਰਸ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਚ ਕਿਸਾਨਾਂ ਨੂੰ ਰਾਹਤ ਦਿੱਤੇ ਜਾਣ ਦਾ ਮੁੱਦਾ ਰੱਖਣਗੇ, ਤਾਂ ਜੋ ਕਮੇਟੀ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਰਾਹਤ ਦਿੱਤੇ ਜਾਣ ਦੀ ਮੰਗ ਰੱਖ ਸਕੇ। ਇਸੇ ਤਰ੍ਹਾਂ, ਵਿਧਾਇਕ ਅੰਗਦ ਸਿੰਘ ਨੇ ਨਵਾਂਸ਼ਹਿਰ ਦੀ ਮੰਡੀ ਚ ਬਾਰਦਾਨੇ ਦੀ ਸਮੱਸਿਆ ਦਾ ਮੁੱਦਾ ਚੁੱਕਿਆ, ਜਿਸ ਤੇ ਤਿਵਾੜੀ ਨੇ ਕਿਹਾ ਕਿ ਉਹ ਇਸ ਬਾਰੇ ਫੂਡ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਨਾਲ ਗੱਲ ਕਰਨਗੇ। ਪੰਜਾਬ ਚ ਕੋਰੋਨਾ ਦੇ ਸਭ ਤੋਂ ਪਹਿਲੇ ਸ਼ਿਕਾਰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਤੋਂ ਸਰਪੰਚ ਹਰਪਾਲ ਸਿੰਘ ਨੇ ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਨਾ ਡਰਨ ਦੀ ਅਪੀਲ ਕੀਤੀ, ਪਰ ਇਸ ਬਿਮਾਰੀ ਪ੍ਰਤੀ ਉਨ੍ਹਾਂ ਸਰਕਾਰ ਦੀਆਂ ਹਿਦਾਇਤਾਂ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਹੈ।
ਅਖੀਰ ਚ ਤਿਵਾੜੀ ਨੇ ਲੋਕਾਂ ਨੂੰ ਕਰਫਿਊ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਨੂੰ ਦੁਹਰਾਇਆ, ਜਿਹੜਾ ਉਨ੍ਹਾਂ ਦੀ ਸੁਰੱਖਿਆ ਲਈ ਹੀ ਲਗਾਇਆ ਗਿਆ ਹੈ। ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਵਿਧਾਇਕ ਅੰਗਦ ਸਿੰਘ, ਵਿਧਾਇਕ ਅਮਰਜੀਤ ਸੰਦੋਆ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨਾ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ, ਪੰਜਾਬ ਕਾਂਗਰਸ ਤੇ ਸਕੱਤਰ ਅਸ਼ਵਨੀ ਸ਼ਰਮਾ, ਸ੍ਰੀ ਅਨੰਦਪੁਰ ਸਾਹਿਬ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਨ ਸਿੰਘ ਬਠਲਾਣਾ, ਨਵਾਂਸ਼ਹਿਰ ਸ਼ਹਿਰੀ ਕਾਂਗਰਸ ਪ੍ਰਧਾਨ ਜਗਦੀਪ ਜਾਂਗੜਾ, ਪਠਲਾਵਾ ਦੇ ਸਰਪੰਚ ਹਰਪਾਲ ਸਿੰਘ, ਡਾ ਬਖਸ਼ੀਸ਼ ਸਿੰਘ, ਗੁਰਲਾਲ ਸੈਲਾ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਗੌਰਵ ਕੁਮਾਰ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਕਰਨੈਲ ਸਿੰਘ , ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਅਮਨ ਸਲੈਚ, ਅਮਰਿੰਦਰ ਸਿੰਘ ਚੋਪੜਾ, ਅਵਤਾਰ ਸਿੰਘ ਤਾਰੀ ਵੀ ਮੌਜੂਦ ਰਹੇ।

Share This :

Leave a Reply