
ਜਲੰਧਰ( ਮੀਡੀਆ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 20 ਤਰੀਕ ਦੀ ਸ਼ਾਮ 6 ਵਜੇ ਘਰਾਂ ‘ਚ ਰਹਿ ਕੇ ਜੈਕਾਰੇ ਲਗਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਦੇਣ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਿਕਅਤੀ ਆਪਣੇ ਧਰਮ ਦੇ ਮੁਤਾਬਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਜਾਂ ‘ਹਰ-ਹਰ ਮਹਾਦੇਵ’ ਜਾਂ ਫਿਰ ਅੱਲਾ ਦੇ ਜੈਕਾਰੇ ਲਗਾਉਣ ਦੀ ਮੰਗ ਕੀਤੀ ਹੈ। ਸ੍ਰੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅਜਿਹਾ ਕਰਨ ਦਾ ਮਕਸਦ ਸਿਰਫ਼ ‘ਤੇ ਸਿਰਫ਼ ਸੂਬੇ ‘ਚ ਆ ਰਹੀਆਂ ਦਿੱਕਤਾਂ ਨੂੰ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਅਸੀਂ ਕੋਵਿਡ-19 ਬੀਮਾਰੀ ਖਿਲਾਫ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜ ਰਹੇ ਹਾਂ। ਇਹ ਇਕ ਕੁਦਰਤੀ ਆਫਤ ਹੈ, ਜੋ ਸਾਡੇ ਸਭ ‘ਤੇ ਆ ਗਈ ਹੈ, ਜਿਸ ਦਾ ਸਾਨੂੰ ਚਿੱਤ-ਚੇਤਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਬੀਮਾਰੀ ਨੂੰ ਹਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ‘ਚ ਆਪਣੀ ਸਮਰੱਥਾ ਨੂੰ ਪਛਾਣਿਆ ਹੈ ਅਤੇ ਅਸੀਂ ਇਸ ਦੇ ਪ੍ਰਸਾਰ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ ‘ਚ ਸਫਲ ਹੋਏ ਹਾਂ।
ਉਨ੍ਹਾਂ ਕਿਹਾ ਕਿ ਇਸ ਲਈ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ 20 ਅਪ੍ਰੈਲ ਦੀ ਸ਼ਾਮ 6 ਵਜੇ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਸਾਰੇ ਲੋਕ ਡਾਕਟਰੀ ਅਮਲੇ, ਪੁਲਸ ਵਿਭਾਗ, ਸਫਾਈ ਕਰਮਚਾਰੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ ‘ਬੋਲੇ ਸੋ ਨਿਹਾਲ’, ਦੇ ਜੈਕਾਰੇ ਬੁਲਾਉਣ ਅਤੇ ‘ਹਰ-ਹਰ ਮਹਾਦੇਵ’ ਦਾ ਜੈ ਘੋਸ਼ ਕਰਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਚੜ੍ਹਦੀਕਲਾਂ ਲਈ ਪਹਿਲ ਕਮਦੀ ਕਰਦਿਆਂ ਕਈ ਵਡਮੁੱਲੇ ਕਦਮ ਚੁੱਕੇ ਗਏ ਹਨ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਤੱਕ ਲਗਾਤਾਰ ਇਹ ਮੰਗ ਚੁੱਕੀ ਜਾ ਰਹੀ ਹੈ ਕਿ ਇਸ ਮੁਸ਼ਕਿਲ ਘੜੀ ‘ਚ ਕੇਂਦਰ ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਉਹ ਇਸ ਔਖੇ ਸਮੇਂ ‘ਚ ਜਿੰਨਾ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਬਚਿਆ ਜਾ ਸਕੇ।




















