ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲਾਕਡਾਊਨ ਕਾਰਨ ਪ੍ਰਭਾਵਿਤ ਹੋਈ ਮਨਰੇਗਾ ਮਜ਼ਦੂਰਾਂ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਸੂਬੇ ਭਰ ’ਚ ਮਨਰੇਗਾ ਤਹਿਤ ਵੱਡੇ ਪੱਧਰ ’ਤੇ ਪ੍ਰਾਜੈਕਟ ਆਰੰਭੇ ਗਏ ਗਏ ਹਨ। ਇਹ ਪ੍ਰਗਟਾਵਾ ਜ਼ਿਲ੍ਹੇ ’ਚ ਮਨਰੇਗਾ ਅਧੀਨ ਆਰੰਭੇ ਗਏ ਨਹਿਰਾਂ ਤੇ ਸੜ੍ਹਕਾਂ ਦੇ ਬਰਮਾਂ ਦੀ ਸਫ਼ਾਈ ਦੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਆਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਆਪਣੇ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਲਾਕਡਾਊਨ ਦੇ ਸਮੇਂ ਦੌਰਾਨ ਵੀ ਮਨਰੇਗਾ ਸਕੀਮ ਦਾ ਅਸਰਦਾਇਕ ਲਾਹਾ ਲੈਂਦਿਆਂ ਪਿੰਡਾਂ ਵਿੱਚ ਵੱਡੀ ਪੱਧਰ ’ਤੇ ਮਜ਼ਦੂਰਾਂ ਦੀ ਸ਼ਮੂਲੀਅਤ ਵਾਲੇ ਕੰਮਾਂ ਨੂੰ ਅਮਲੀਜਾਮਾ ਪਹਿਨਾਇਆ ਗਿਆ ਤਾਂ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਵਸੀਲਿਆਂ ਦੀ ਸਿਰਜਣਾ ਹੁੰਦੀ ਰਹੇ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਮਈ ਮਹੀਨੇ ਦੌਰਾਨ ਜ਼ਿਲ੍ਹੇ ’ਚ ਮਨਰੇਗਾ ਤਹਿਤ 14697 ਮਾਨਵੀ ਦਿਹਾੜੀਆਂ ਦਾ ਰੋਜ਼ਗਾਰ ਪੈਦਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦਾ ਰੋਜ਼ੀ ਦਾ ਵਸੀਲਾ ਸੁਰੱਖਿਆ ਬਣਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਨਹਿਰਾਂ ਤੇ ਸੜ੍ਹਕਾਂ ਦੇ ਬਰਮਾਂ ਤੋਂ ਇਲਾਵਾ 703 ਛੱਪੜਾਂ ਦੀ ਸਫ਼ਾਈ ਦਾ ਕੰਮ ਵੀ ਮਨਰੇਗਾ ਰਾਹੀਂ ਵਿੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰੇਗਾ ਅਧੀਨ ਪੰਚਾਇਤਾਂ ’ਚ ਨਾਨ-ਕੰਨਟੇਨਮੈਂਟ ਜ਼ੋਨਾਂ ’ਚ ਵਿਕਾਸ ਕੰਮ ਚਲਾਉਣ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਵਿਕਾਸ ਕੰਮਾਂ ’ਚ ਇੱਕ ਦਮ ਤੇਜ਼ੀ ਆਈ ਹੈ। ਉਨ੍ਹਾਂ ਨਾਲ ਮੌਜੂਦ ਜ਼ਿਲ੍ਹੇ ਦੇ ਡੀ ਡੀ ਪੀ ਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਮਨਰੇਗਾ ਅਧੀਨ 438 ਪੰਚਾਇਤਾਂ ’ਚ ਕੰਮ ਚੱਲ ਰਹੇ ਹਨ। ਇਨ੍ਹਾਂ ਕੰਮਾਂ ’ਚ ਪਲਾਂਟੇਸ਼ਨ, ਵਣ ਮਿੱਤਰ, ਛੱਪੜਾਂ ਦੇ ਕੰਮ, ਬਰਮਾਂ ਦੇ ਕੰਮ, ਰੂਰਲ ਕਨੈਕਟੀਵਿਟੀ (ਗਲੀਆਂ), ਵਿਅਕਤੀਗਤ ਕੰਮਾਂ ’ਚ ਕੈਟਲ ਸ਼ੈੱਡਾਂ ਆਦਿ ਸ਼ਾਮਿਲ ਹਨ। ਇਸ ਮੌਕੇ ਮਨਰੇਗਾ ਦੇ ਆਈ ਟੀ ਮੈਨੇਜਰ ਗੁਰਮੁਖ ਸਿੰਘ ਵੀ ਮੌਜੂਦ ਸਨ।