ਪਟਿਆਲਾ (ਅਰਵਿੰਦਰ ਜੋਸ਼ਨ) ਕੋਵਿਡ-19 ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕਰਦਿਆ ਲੋੜਵੰਦ ਬੱਚਿਆ ਲਈ ਆਨਲਾਈਨ ਪ੍ਰੋਗਰਾਮ ‘ਨਿੱਕੇ ਸੁਪਨੇ’ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਰਹਿ ਰਹੇ ਬੱਚਿਆ ਲਈ ਖਾਸ ਤੌਰ ‘ਤੇ ਸ਼ੁਰੂ ਕੀਤਾ ਗਿਆ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਆਨਲਾਈਨ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆ ਨੂੰ ਤਨਾਅ ਤੇ ਚਿੰਤਾ ਮੁਕਤ ਰੱਖਣਾ ਹੈ ਅਤੇ ਨਿੱਕੇ ਸੁਪਨੇ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰਾਂ ਦੀ ਸਖਸ਼ੀਅਤਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਬੱਚਿਆ ਦੇ ਰੂਬਰੂ ਕੀਤਾ ਜਾਵੇਗਾ ਜਿਸ ਵਿੱਚ ਸੰਗੀਤ, ਲੋਕ ਕਲਾ, ਖੋਜ ਵਿਧੀਆਂ ਅਤੇ ਰੰਗ ਮੰਚ ਦੇ ਕਲਾਕਾਰ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਨਗੇ।
ਰੂਪਵੰਤ ਕੌਰ ਨੇ ਦੱਸਿਆ ਕਿ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਬੱਚਿਆ ਦੀ ਪੰਜਾਬ ਦੇ ਸਿਰਮੌਰ ਗਾਇਕ ਤੇ ਭੰਗੜੇ ਨਾਲ ਆਪਣੀ ਦੁਨੀਆ ਵਿੱਚ ਵੱਖਰੀ ਛਾਪ ਛੱਡਣ ਵਾਲੇ ਪੰਮੀ ਬਾਈ ਨਾਲ ਆਨਲਾਈ ਗੱਲਬਾਤ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਬੱਚਿਆ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਬੱਚਿਆ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਉਤਸ਼ਾਹ ਭਰਪੂਰ ਗੀਤ ਸੁਣਾਕੇ ਉਨ੍ਹਾਂ ਦਾ ਮਨੋਰੰਜਨ ਕੀਤਾ। ਬੱਚਿਆ ਵਿੱਚ ਇਸ ਪ੍ਰੋਗਰਾਮ ਸਬੰਧੀ ਕਾਫ਼ੀ ਉਤਸ਼ਾਹ ਦੇਖਿਆ ਗਿਆ।