ਪੁਲਿਸ ਕਰਮੀਆਂ ਦੀ ਕੋਵਿਡ-19 ਤੋਂ ਸੁਰੱਖਿਆ ਲਈ ਪੁਲਿਸ ਦੇ ਮੁੱਖ ਦਫ਼ਤਰ ਵਿਖੇ ਹੱਥ ਧੋਣ ਲਈ ਸਥਾਨ ਬਣਾਇਆ

ਪਟਿਆਲਾ ( ਅਰਵਿੰਦਰ ਸਿੰਘ ) ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਪੰਜਾਬ ਪੁਲਿਸ 24 ਘੰਟੇ ਮੁਸਤੈਦੀ ਨਾਲ ਡਿਊਟੀ ਦੇ ਰਹੀ ਹੈ ਅਤੇ ਪਟਿਆਲਾ ਦੇ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਵੱਲੋਂ ਸਮੇਂ-ਸਮੇਂ ‘ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਦੀ ਸਿਹਤ ਜਾਂਚ ਲਈ ਪੁਲਿਸ ਲਾਈਨ ਦੇ ਡਾਕਟਰਾਂ ਨੂੰ ਭੇਜਿਆਂ ਜਾਂਦਾ ਹੈ ਜੋ ਸਿਹਤ ਜਾਂਚ ਸਮੇਤ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਵੀ ਜਾਗਰੂਕ ਕਰਦੇ ਹਨ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦਿਆ ਐਸ.ਐਸ.ਪੀ. ਦਫ਼ਤਰ ਬਾਹਰ ਹੱਥ ਧੋਣ ਲਈ ਵੀ ਨਵੀਂ ਮਸ਼ੀਨ ਲਗਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫ਼ਿਊ ਦੌਰਾਨ ਜਿਥੇ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਜਾ ਰਿਹਾ ਹੈ ਉਥੇ ਹੀ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੁੱਖ ਦਫ਼ਤਰ ਵਿਖੇ ਰੋਜ਼ਾਨਾ ਹੀ ਵੱਡੀ ਗਿਣਤੀ ਮੁਲਾਜ਼ਮਾਂ ਦਾ ਆਉਣਾ-ਜਾਣਾ ਰਹਿੰਦਾ ਹੈ ਜਿਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਦਫ਼ਤਰ ਬਾਹਰ ਹੱਥ ਧੋਣ ਦੀ ਮਸ਼ੀਨ ਲਗਾਈ ਗਈ ਹੈ।


ਐਸ.ਐਸ.ਪੀ. ਨੇ ਦੱਸਿਆ ਕਿ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਹੱਥਾਂ ਦੀ ਵਾਰ-ਵਾਰ ਸਫ਼ਾਈ ਜਰੂਰੀ ਹੈ ਅਤੇ ਨਾਲ ਹੀ ਸਮਾਜਿਕ ਦੂਰੀ ਵੀ ਬਣਾਕੇ ਰੱਖਣੀ ਹੈ। ਇਸ ਲਈ ਪੁਲਿਸ ਵਿਭਾਗ ਦੇ ਅਫ਼ਸਰਾਂ ਵੱਲੋਂ ਆਪ ਹੀ ਇਸ ਮਸ਼ੀਨ ਨੂੰ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਵਾਰ-ਵਾਰ ਟੂਟੀ ਜਾ ਸਾਬਣ ਨੂੰ ਹੱਥ ਨਾ ਲਗਾਉਣਾ ਪਵੇ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨੂੰ ਪੈਰਾਂ ਨਾਲ ਚਲਾਇਆ ਜਾਂਦਾ ਹੈ ਜਿਸ ਕਾਰਨ ਟੂਟੀ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਸਾਬਣ ਲਈ ਵੀ ਪੈਰ ਨਾਲ ਹੀ ਲੀਵਰ ਦਬਾਕੇ ਸਾਬਣ ਕੱਢਿਆ ਜਾ ਸਕਦਾ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਸ਼ੀਨ ਮੁਲਾਜ਼ਮਾਂ ਨੂੰ ਵਾਰ-ਵਾਰ ਹੱਥ ਧੋਣ ਦੀ ਇੱਕ ਚੰਗੀ ਆਦਤ ਪਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਇਹ ਮਸ਼ੀਨ ਬਣਾਈ ਗਈ ਹੈ।  ਜ਼ਿਕਰਯੋਗ ਹੈ ਕਿ ਐਸ.ਐਸ.ਪੀ. ਦਫ਼ਤਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ ਅਤੇ ਹਰੇਕ ਆਉਣ ਵਾਲੇ ਵਿਅਕਤੀ ਦੇ ਹੱਥ ਸਾਫ਼ ਕਰਵਾਏ ਜਾਂਦੇ ਹਨ ਅਤੇ ਬੁਖਾਰ ਦੀ ਵੀ ਜਾਂਚ ਕੀਤੀ ਜਾਂਦੀ ਹੈ।

Share This :

Leave a Reply