
ਪਟਿਆਲਾ ( ਅਰਵਿੰਦਰ ਸਿੰਘ ) ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਪੀਸੀਐਸ ਅਧਿਕਾਰੀ ਦੇ ਘਰ ‘ਚ ਰਹਿ ਰਹੇ ਮਾਲੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਪਟਿਆਲਾ ‘ਚ ਕੋਰੋਨਾ ਵਾਇਰਸ ਦਾ ਇਹ ਦੂਜਾ ਪਾਜ਼ੀਟਿਵ ਮਾਮਲਾ ਹੈ। ਕੋਰੋਨਾ ਪਾਜ਼ੀਟਿਵ ਮਾਲੀ ਇਸ ਪੀਸੀਐਸ ਅਧਿਕਾਰੀ ਦੀ ਪਟਿਆਲਾ ਵਿਖੇ ਪਾਸੀ ਰੋਡ ‘ਤੇ ਸਥਿੱਤ ਰਿਹਾਇਸ਼ ‘ਚ ਹੀ ਬਣੇ ਕੁਆਰਟਰ ‘ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਅਤੇ ਬਾਗਵਾਨੀ ਤੇ ਸਾਫ਼-ਸਫ਼ਾਈ ਦਾ ਕੰਮ ਕਰਦਾ ਹੈ।

ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਲੀ ਵੱਲੋਂ ਬੀਤੇ ਦਿਨਾਂ ‘ਚ ਕੋਈ ਯਾਤਰਾ ਜਾਂ ਕਿਸੇ ਹੋਰ ਪਾਜ਼ੀਟਿਵ ਮਰੀਜ਼ ਦੇ ਸੰਪਰਕ ‘ਚ ਨਾ ਆਉਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਪੀਸੀਐਸ ਅਧਿਕਾਰੀ ਦੀ ਰਿਹਾਇਸ਼ ‘ਤੇ ਪਹੁੰਚੀ ਅਤੇ ਮਾਲੀ ਦੀ ਪਤਨੀ ਤੇ ਬੱਚਿਆਂ ਦੇ ਖ਼ੂਨ ਦੇ ਨਮੂਨੇ ਲਏ। ਇਸ ਤੋਂ ਇਲਾਵਾ ਪੀਸੀਐਸ ਅਧਿਕਾਰੀ ਅਤੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।