ਪਟਿਆਲਾ (ਅਰਵਿੰਦਰ ਜੋਸ਼ਨ)
ਪੰਜਾਬ ਦੇ ਬਿਜਲੀ ਕਾਮੇ ਪਾਵਰ ਮੈਨੇਜਮੈਂਟ ਪਾਸੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਦੇ ਨਿਪਟਾਰੇ ਲਈ ਸੂਬਾ ਪੱਧਰ ਤੇ ਪੰਜਾਬ ਦੇ ਸਮੂੰਹ ਉਪ ਮੰਡਲ/ਮੰਡਲ ਦਫਤਰਾਂ ਅੱਗੇ 9 ਜੂਨ 2020 ਨੂੰ ਪਾਵਰ ਮੈਨੇਜਮੈਂਟ ਵਿਰੁੱਧ ਅਰਥੀ ਫੂਕ ਰੈਲੀਆਂ ਕਰਨਗੇ ਅਤੇ 10 ਜੂਨ ਤੋਂ 30 ਜੂਨ ਤੱਕ ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨ ਸਮੇਤ ਡਾਇਰੈਕਟਰਜ਼ ਵਿਰੁੱਧ ਉਨ੍ਹਾਂ ਦੇ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ। 16 ਜੂਨ ਨੂੰ ਹੈਡ ਆਫਿਸ ਪਟਿਆਲਾ ਦੇ ਤਿੰਨ ਗੇਟਾਂ ਤੇ ਰੋਸ ਪ੍ਰਦਰਸ਼ਨ ਕਰਕੇ ਜੁਲਾਈ ਦੇ ਦੂਜੇ ਹਫਤੇ ਹੜਤਾਲ ਕਰਨਗੇ।
ਇਹ ਫੈਸਲਾ ਸਾਥੀ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਜੁਆਇੰਟ ਫੋਰਮ ਦੇ ਆਗੂਆਂ ਨੇ ਦੱਸਿਆ ਕਿ ਤਿੰਨ ਸਤੰਬਰ 2019 ਨੂੰ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਜੁਆਇੰਟ ਫੋਰਮ ਦੇ ਨੁਮਾਇੰਦਿਆ ਨਾਲ ਮੀਟਿੰਗ ਵਿੱਚ ਫੈਸਲੇ ਹੋਏ ਸਨ, 9 ਮਹੀਨੇ ਦਾ ਅਰਸਾ ਬੀਤਣ ਦੇ ਬਾਵਜੂਦ ਹੋਈਆਂ ਸਹਿਮੀਆਂ ਨੂੰ ਲਾਗੂ ਨਹੀਂ ਕੀਤਾ ਗਿਆ। ਮਿਤੀ 18—03—2020 ਨੂੰ ਮੈਨੇਜਮੈਂਟ ਅਤੇ ਜਥੇਬੰਦੀ ਦੇ ਨੁਮਾਇੰਦਿਆ ਨਾਲ ਹੋਈ ਮੀਟਿੰਗ ਵਿੱਚ ਮੈਨੇਜਮੈਂਟ ਦਾ ਵਤੀਰਾ ਮੁਲਾਜਮ ਵਿਰੋਧੀ ਅਤੇ ਟਾਲਮਟੋਲ ਵਾਲਾ ਸੀ। ਜਿਸ ਕਾਰਨ ਗੱਲਬਾਤ ਬੇਸਿੱਟਾ ਰਹੀ ਅਤੇ ਮੁਲਾਜਮਾਂ ਨੂੰ 19 ਮਾਰਚ ਨੂੰ ਸੂਬਾ ਪੱਧਰ ਤੇ ਇੱਕ ਰੋਜ਼ਾ ਹੜਤਾਲ ਕਰਕੇ ਰੋਸ ਵਿਖਾਵਾ ਕਰਨਾ ਪਿਆ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਹੈ। ਜੁਆਇੰਟ ਫੋਰਮ ਦੇ ਵਫਦ ਵੱਲੋਂ ਚੇਅਰਮੈਨ ਪਾਵਰਕਾਮ ਨੂੰ ਮਿਤੀ 14—11—2019 ਨੂੰ ਵੀ ਮਿਲਕੇ ਹੋਈਆਂ ਸਹਿਮਤੀਆਂ ਲਾਗੂ ਕਰਨ ਦੀ ਬੇਨਤੀ ਕੀਤੀ ਸੀ, ਪਰੰਤੂ ਮੈਨੇਜਮੈਂਟ ਵੱਲੋਂ ਹੋਈਆਂ ਸਹਿਮਤੀਆਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਜੁਆਇੰਟ ਫੋਰਮ ਦੇ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਜਿੰਦਰ ਸਿੰਘ, ਰਣਬੀਰ ਸਿੰਘ ਪਾਤੜਾਂ, ਕੌਰ ਸਿੰਘ ਸੋਹੀ, ਜੈਲ ਸਿੰਘ, ਬਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਮਹਿਮਦਪੁਰ, ਅਵਤਾਰ ਸਿੰਘ ਕੈਂਥ, ਹਰਪਾਲ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ ਦੁਮਨਾ, ਜਗਜੀਤ ਸਿੰਘ, ਬ੍ਰਿਜ ਲਾਲ, ਰਵੇਲ ਸਿੰਘ ਸਹਾਏਪੁਰ, ਕਰਮਚੰਦ ਖੰਨਾ, ਅਸ਼ੋਕ ਕੁਮਾਰ, ਸਿਕੰਦਰ ਨਾਥ, ਸੁਰਿੰਦਰ ਕੁਮਾਰ ਸ਼ਰਮਾ ਆਦਿ ਨੇ ਦੱਸਿਆ ਕਿ ਮੁਲਾਜਮ ਮੰਗਾਂ ਜਿਵੇਂ ਮਿਤੀ 1—12—2011 ਤੋਂ ਪੇ ਬੈਂਡ ਵਿੱਚ ਵਾਧਾ, ਕਰਮਚਾਰੀਆਂ ਤੇ ਰਿਟਾਇਰੀਆਂ ਨੂੰ ਬਿਨਾਂ ਸ਼ਰਤ 23 ਸਾਲਾਂ ਦੀ ਸੇਵਾ ਦਾ ਲਾਭ, ਨਵੇਂ ਨਿਯੁਕਤ ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਸਕਿਲਡ ਵੱਜੋਂ ਅਤੇ ਹੇਠਲੀ ਸ਼੍ਰੇਣੀ ਕਲਰਕ ਬਰਾਬਰ ਤਨਖਾਹ ਦੇਣ, ਪ੍ਰੋਵੇਸ਼ਨਲ ਸਮਾਂ ਤਿੰਨ ਸਾਲ ਦੀ ਥਾਂ ਦੋ ਸਾਲ ਕਰਨ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇਣ, ਨਵ ਨਿਯੁਕਤ ਕਲੈਰੀਕਲ ਤੇ ਟੈਕਨੀਕਲ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਤਨਖਾਹ ਦੇਣ, ਰੀਟਾਇਰੀ ਤੇ ਨਵ ਨਿਯੁਕਤ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ, ਕੋਵਿਡ—19 ਮਹਾਂਮਾਰੀ ਤੋਂ ਬਚਾਅ ਅਤੇ 50 ਲੱਖ ਦਾ ਬੀਮਾ ਕਵਰ ਦੇਣ, ਪੰਜਾਬ ਸਰਕਾਰ ਨਾਲ ਸਬੰਧਤ ਪੇ ਰਵੀਜਨ, ਮਹਿੰਗਾਈ ਭੱਤਾ, ਆਊਟ ਸੋਰਸਿੰਗ ਬੰਦ ਕਰਨ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਮੈਨੇਜਮੈਂਟ ਟਰੇਡ ਯੂਨੀਅਨ ਹੱਕਾਂ ਤੇ ਛਾਪੇ ਮਾਰਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।