ਪੀ.ਆਰ.ਟੀ.ਸੀ. ਨੇ 21 ਰੂਟਾਂ ਦੇ ਚੱਲ ਰਹੀਆਂ ਬੱਸਾਂ ਦੀ ਸਮਾਂ ਸਾਰਣੀ ਕੀਤੀ ਆਨ ਲਾਈਨ : ਕੇ.ਕੇ. ਸ਼ਰਮਾ

ਪਟਿਆਲਾ (ਅਰਵਿੰਦਰ ਜੋਸ਼ਨ) ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਅਦਾਰੇ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆ ਬੱਸਾਂ ਦੀ ਸਮਾਂ ਸਾਰਣੀ ਅਦਾਰੇ ਦੀ ਵੈਬ ਸਾਈਟ ਅਤੇ ਐਪ ‘ਤੇ ਪਾਉਣੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਬੱਸ ਅੱਡੇ ‘ਤੇ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੀ.ਆਰ.ਟੀ.ਸੀ. ਵੱਲੋਂ 20 ਮਈ ਤੋਂ ਜ਼ਿਲ੍ਹੇ ਤੋਂ ਜ਼ਿਲ੍ਹੇ ਦੇ ਹੈਡਕੁਆਰਟ ਤੱਕ ਤਕਰੀਬਨ 45 ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਯਾਤਰੀਆਂ ਨੂੰ ਇਨ੍ਹਾਂ ਰੂਟਾਂ ‘ਤੇ ਚੱਲ ਰਹੀਆਂ ਬੱਸਾਂ ਦੀ ਸਮਾਂ ਸਾਰਣੀ ਸਬੰਧੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਦਿੱਕਤ ਪੇਸ਼ ਆ ਰਹੀ ਸੀ, ਇਸ ਲਈ ਹੁਣ ਪੀ.ਆਰ.ਟੀ.ਸੀ. ਨੇ ਯਾਤਰੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ 21 ਰੂਟਾਂ ‘ਤੇ ਚੱਲ ਰਹੀਆਂ ਬੱਸਾਂ ਦੇ 65 ਟਾਈਮ ਆਨ ਲਾਈਨ ਕਰ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਰੂਟਾਂ ਅਤੇ ਸਮਾਂ ਸਾਰਣੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਅਦਾਰੇ ਦੀ ਵੈਬਸਾਈਟ www.pepsuonline.com ਅਤੇ ਐਪ ਪੈਪਸੂ ਆਨ ਲਾਈਨ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਹੋਰ ਰੂਟਾਂ ਦੀ ਸਮਾਂ ਸਾਰਣੀ ਨੂੰ ਵੀ ਲੋੜ ਅਨੁਸਾਰ ਆਨ ਲਾਈਨ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਬੱਸਾਂ ਵਿੱਚ ਸਫ਼ਰ ਕਰਨ ਲਈ ਆਨ ਲਾਇਨ ਬੁਕਿੰਗ ਵੀ ਐਪ ‘ਤੇ ਪੈਪਸੂ ਆਨ ਲਾਈਨ ਅਤੇ www.travelyaari.com ‘ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਹਰ ਬੱਸ ਨੂੰ ਰੂਟ ਤੇ ਭੇਜਣ ਤੋਂ ਪਹਿਲਾਂ ਅਤੇ ਵਾਪਸ ਆਉਣ ਉਪਰੰਤ ਪੂਰਨ ਤੌਰ ‘ਤੇ ਸੈਨੀਟਾਇਜ਼ ਕੀਤਾ ਜਾਂਦਾ ਹੈ। ਮੌਜੂਦ ਸਟਾਫ਼ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਇਜ਼ਰ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਬਿਨ੍ਹਾਂ ਮਾਸਕ ਸਵਾਰੀ ਨੂੰ ਬੱਸ ਵਿੱਚ ਸਫ਼ਰ ਕਰਨ ‘ਤੇ ਰੋਕ ਲਗਾਈ ਗਈ ਹੈ। ਪੰਜਾਬ ਸਿਹਤ ਵਿਭਾਗ ਵੱਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਉਨ੍ਹਾਂ ਦੀ ਪੂਰਨ ਰੂਪ ਵਿੱਚ ਪਾਲਾਣਾ ਕੀਤੀ ਜਾ ਰਹੀ ਹੈ। ਆਮ ਪਬਲਿਕ ਦੀ ਸਹੂਲਤ ਲਈ ਜਲਦ ਹੀ ਹੋਰ ਰੂਟਾਂ/ਅੰਤਰ ਰਾਜੀ ਰੂਟਾਂ ਤੇ ਵੀ ਬੱਸ ਸਰਵਿਸ ਨੂੰ ਜਲਦ ਹੀ ਚਲਾਇਆ ਜਾਵੇਗਾ।

Share This :

Leave a Reply