‘ਥਾਂਦੀ ਦੀ ਗੀਤਕਾਰੀ ਅਤੇ ਕਲੇਰ ਕੰਠ ਦੀ ਗਾਇਕੀ ਦਾ ਸੁਮੇਲ’
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅੱਜ ਦੇ ਸਮੇਂ ਵਿੱਚ ਸੰਗੀਤ ਇੰਡਸਟਰੀ ਵਿਉਪਾਰਕ ਧੰਦਾ ਬਣ ਕੇ ਰਹਿ ਗਈ ਏ। ਜਿਸ ਵਿੱਚ ਆ ਕੇ ਹਰ ਕੋਈ ਪੈਸ਼ੇ ਕਮਾਉਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਪੰਜਾਬੀ ਸੱਭਿਆਚਾਰ ਦੇ ਨਾਂ ‘ਤੇ ਨਵੀਂ ਪੀੜੀ ਦੇ ਗਾਇਕ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅੰਦਰ ਤਜਰਬੇ ਕਰ ਅਜਿਹਾ ਕੁਝ ਕਰ ਰਹੇ ਹਨ ਕਿ ਨਵੀਂ ਪੀੜੀ ਸੱਚ-ਮੁੱਚ ਹੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋ, ਗੁੰਮਰਾਹ ਹੁੰਦੀ ਜਾ ਰਹੀ ਹੈ। ਪਰ ਅੱਜ ਦੇ ਇਸ ਦੌਰ ਵਿੱਚ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਵੀ ਹਨ ਜੋ ਵਿਪਾਰਕ ਨਹੀਂ ਬਣੇ, ਸਗੋਂ ਸੱਭਿਆਚਾਰ ਦੇ ਵਾਰਸ਼ ਬਣ ਸੇਵਾ ਕਰ ਰਹੇ ਹਨ।
ਜਿੰਨਾਂ ਵਿੱਚੋਂ ਇਕ ਕੈਲੀਫੋਰਨੀਆ ਰਹਿੰਦੇ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ ਹੈ। ਜਿਸ ਨੇ ਗਾਇਕੀ ਨੂੰ ਧੰਦਾ ਨਹੀਂ ਬਣਾਇਆ। ਸਗੋਂ ਆਪਣੇ ਸ਼ੌਕ ਨਾਲ ਗੀਤ ਲਿਖੇ ਅਤੇ ਗਾਏ ਹਨ। ਇਸੇ ਕਰਕੇ ਉਸਦੇ ਗੀਤ ਯੂ-ਟਿਊਬ ‘ਤੇ ਪਾਉਦਿਆ ਸਾਰ ਲੱਖਾਂ ਸਰੋਤੇ ਨਾਲ ਜੋੜ ਲੈਂਦੇ ਹਨ। ਉਸ ਨੇ ਬਹੁਤ ਸਾਰੇ ਗੀਤ ਆਪ ਗਾ ਰਿਕਾਰਡ ਕਰਵਾਏ ਅਤੇ ਇਸ ਤੋਂ ਇਲਾਵਾ ਚੰਗੇ-ਚੰਗੇ ਕਲਾਕਾਰ ਵੀ ਉਨ੍ਹਾਂ ਦੇ ਗੀਤ ਰਿਕਾਰਡ ਕਰਵਾ ਚੁੱਕੇ ਹਨ।
ਇਸੇ ਹੀ ਲੜੀ ਤਹਿਤ ਧਰਮਵੀਰ ਥਾਂਦੀ ਦਾ ਲਿਖਿਆਂ ਅਤੇ ਕਲੇਰ ਕੰਠ ਦੁਆਰਾ ਗਾਇਆ ਕੁਝ ਦਿਨ ਪਹਿਲਾ ਰਿਲੀਜ਼ ਹੋਇਆ ਗੀਤ ‘ਪਿੰਡ ਵਾਲਾ ਘਰ’ ਹਰ ਪ੍ਰਦੇਸ਼ੀ ਬੈਠੇ ਪੰਜਾਬੀ ਦੇ ਦਿਲ ਦੀ ਹੂਕ ਬਣ ਚੁੱਕਿਆਂ ਹੈ। ਇਸ ਗੀਤ ਦਾ ਸੰਗੀਤ ਜੱਸੀ ਬ੍ਰਦਰਜ਼ ਨੇ ਦਿੱਤਾ ਹੈ। ਜਿਸ ਦੇ ਬੋਲਾ ਵਿੱਚ ਇਕ ਸਾਲਾ-ਬੱਧੀ ਪੰਜਾਬ ਵਿੱਚ ਖਾਲੀ ਪਿਆ ਘਰ ਢਹਿਣ ‘ਤੇ ਹੋ ਵਿਦੇਸ਼ੀ ਵਸਦੇ ਆਪਣੇ ਮਾਲਕ ਨੂੰ ਸੱਦ ਰਿਹਾ ਹੈ। ਘਰ ਅਤੇ ਘਰ ਦੇ ਮਾਲਕ ਦੇ ਵਿੱਚਕਾਰ ਬਹੁਤ ਹੀ ਵਿਯੋਗ ਵਾਲਾ, ਪਰ ਸੱਚਾ ਸੰਵਾਦ ਰਚਿਆ ਹੈ। ਜੋ ਸ੍ਰੋਤਿਆਂ ਨੂੰ ਨਾਲ ਲੈ ਤੁਰਦਾ ਹੈ। ਇਸ ਗੀਤ ਦੀ ਦੂਸਰੀ ਗੱਲ ਸੋਨੇ ‘ਤੇ ਸੁਹਾਗੇ ਵਾਲੀ ਇਹ ਹੈ ਕਿ ਇਸ ਨੂੰ ਸੁਹਿਰਦ ਅਤੇ ਸੁਰੀਲੀ ਅਵਾਜ਼ ਦੇ ਮਾਲਕ ਕਲੇਰ ਕੰਠ ਨੇ ਗਾਇਆ ਹੈ। ਸਮੁੱਚੇ ਤੋਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਧਰਮਵੀਰ ਥਾਂਦੀ ਦੀ ਗੀਤਕਾਰੀ ਅਤੇ ਕਲੇਰ ਕੰਠ ਦੀ ਗਾਇਕੀ ਨੇ ਇਸ ਗੀਤ ਨੂੰ ਅੱਜ ਦੇ ਦੌਰ ਵਿੱਚ ਆਏ ਗੀਤਾ ਵਿੱਚੋਂ ਪਹਿਲੇ ਸਥਾਨ ‘ਤੇ ਖੜਾ ਕਰ ਦਿੱਤਾ ਹੈ। ਜੋ ਵੀ ਇਸ ਗੀਤ ਨੂੰ ਸੁਣਦਾ ਹੈ ਤਾਂ ਉਹ ਪੰਜਾਬ ਵਿੱਚ ਵਿੱਛੜੇ ਆਪਣੇ ਘਰ ਦਾ ਵਿਯੋਗ ਜ਼ਰੂਰ ਮਹਿਸੂਸ ਕਰਦਾ ਹੈ। ਅਸਲ ਗੀਤਕਾਰੀ ਜਾਂ ਗਾਇਕੀ ਵੀ ਇਹੀ ਹੈ ਕਿ ਜੋ ਤੁਹਾਡੀ ਧੁਰ ਰੂਹ ਤੱਕ ਉਤਰ ਜਾਵੇ, ਉਹ ਸਫਲ ਹੈ। ਸਾਨੂੰ ਅਜਿਹੇ ਗੀਤਾ ਨੂੰ ਸੁਨਣਾ ਅਤੇ ਨਵੀਂ ਪੀੜੀ ਨੂੰ ਸੁਨਾਉਣਾ ਚਾਹੀਦਾ ਹੈ। ਜਿਸ ਨਾਲ ਸੱਭਿਆਚਾਰ ਵੀ ਜਿਉਦਾ ਰਹੇ ਅਤੇ ਨਵੀਂ ਪੀੜੀ ਵੀ ਰੌਲੇ-ਰੱਪੇ ਵਾਲੀ ਵਪਾਰਕ ਗਾਇਕੀ ਤੋਂ ਬਚ ਸਕੇ। ਇਸ ਨਵੇਂ ਗੀਤ ਦੀ ਸਫਲਤਾ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।