ਪਿੰਡ ਪਠਲਾਵਾ ਵਾਸੀਆਂ ਵੱਲੋਂ ਕਰੋਨਾ ਮੁਕਤ ਹੋਣ ਤੇ ਸ਼ੁਕਰਾਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁਵਿੰਟਲ ਰਸਦਾਂ ਭੇਟ

ਪਿੰਡ ਪਠਲਾਵਾ ਤੋਂ ਗੁਰੂ ਕੇ ਲੰਗਰਾਂ ਲਈ 315 ਕੁਵਿੰਟਲ ਰਸਦਾਂ ਭੇਟ ਕਰਨ ਲਈ ਸੰਗਤਾਂ ਰਵਾਨਾ ਹੋਣ ਮੌਕੇ

ਬੰਗਾ (ਏ-ਆਰ. ਆਰ. ਐੱਸ. ਸੰਧੂ) ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਦੋ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਕੋਵਿਡ¸19 ਦੀ ਮਹਾਂਮਾਰੀ ਦੇ ਦਸਤਕ ਦਿੱਤੀ ਅਤੇ ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਪਿੰਡ ਪਠਲਾਵਾ ਪੂਰੀ ਦੁਨੀਆਂ ਭਰ ਵਿਚ ਚਰਚਾ ਵਿਸ਼ਾ ਬਣਿਆ ਰਿਹਾ ਹੈ। ਗਿਆਨੀ ਬਲਦੇਵ ਸਿੰਘ ਦੀ ਮੌਤ ਉਪਰੰਤ ਹੋਏ ਟੈਸਟ ਵਿਚ ਕੋਰੋਨਾ ਪਾਜ਼ੇਟਿਵ ਆਉਣ ਅਤੇ ਉਸ ਦੇ 18 ਨਜ਼ਦੀਕੀ ਵਿਅਕਤੀਆਂ ਦੇ ਟੈਸਟ ਵੀ ਪਾਜ਼ੇਟਿਵ ਆਉਣ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਸੀ । ਗਿਆਨ ਤੋਂ ਸੱਖਣੇ ਲੋਕਾਂ ਨੇ ਬਾਬਾ ਬਲਦੇਵ ਸਿੰਘ ਦਾ ਨਾਮ ਲੈ ਕੇ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਸ਼ਨ ਵੱਲੋਂ ਪੂਰੇ ਪਿੰਡ ਦੀ ਨਾਕਾਬੰਦੀ ਕਰ ਦਿੱਤੀ ਗਈ।

ਪੰਜਾਬ ਦੇ ਕੁਝ ਅਖੌਤੀ ਕਲਾਕਾਰਾਂ ਵੱਲੋਂ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਹਲਾਤ ਇਹੋ ਜਿਹੇ ਬਣੇ ਕਿ ਜਿਵੇਂ ਪਿੰਡ ਪਠਲਾਵਾ ਕਿਸੇ ਫਿਲਮ ਦਾ ਖਲਨਾਇਕ ਹੁੰਦਾ ਹੈ। ਕੁਦਰਤ ਦੀ ਕਰੋਪੀ ਦੇ ਨਾਲ ਨਾਲ ਕਈ ਹਸਪਤਾਲਾਂ ਵੱਲੋਂ ਪਿੰਡ ਪਠਲਾਵਾ ਦੇ ਮਰੀਜ਼ਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਹਨਾਂ ਹਲਾਤਾਂ ਵਿਚੋਂ ਗੁਜ਼ਰਦਿਆਂ ਪਿੰਡ ਪਠਲਾਵਾ ਦੇ ਸੂਝਵਾਨ ਅੱਗੇ ਆਏ ਅਤੇ ਇਸ ਬਿਮਾਰੀ ਦਾ ਡੱਟ ਕੇ ਟਾਕਰਾ ਕਰਨ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸਾਂ ਕੀਤੀਆਂ । ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਪਿੰਡ ਦੇ 15 ਮਰੀਜ਼ਾਂ ਸਮੇਤ ਕੁੱਲ 18 ਦੇ 18 ਮਰੀਜ਼ ਦੇ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਨੂੰ ਸੁੱਖੀ ਸਾਂਦੀ ਪਰਤੇ । ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪੂਰੀ ਪਾਲਣਾ ਕਰਨ ਉਪੰਰਤ ਪਿੰਡ ਪਠਲਾਵਾ ਅਤੇ ਪਿੰਡ ਵਾਸੀ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਮੁਕਤ ਹੋ ਕੇ ਪੂਰੀ ਦੁਨੀਆਂ ਲਈ ਨਿਵੇਕਲੀ ਮਿਸਾਲ ਬਣੇ ਹਨ। ਇਸ ਖੁਸ਼ੀਂ ਭਰੇ ਮੌਕੇ ਪਿੰਡ ਵਾਸੀਆਂ ਵੱਲੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਲਈ ਸੁੱਕੀਆਂ ਰਸਦਾਂ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ। ਅੱਜ ਪਿੰਡ ਪਠਲਾਵਾ ਨਿਵਾਸੀਆਂ ਵੱਲੋਂ ਗੁਰੂ ਸਾਹਿਬਾਨ ਦਾ ਕੋਟਿ¸ਕੋਟਾਨ ਸ਼ੁਕਰਾਨਾ ਕਰਨ ਹਿੱਤ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ ਜੀ ਵਿਖੇ ਚੱਲਦੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁਵਿੰਟਲ ਰਸਦਾਂ ਭੇਟ ਕਰਨ ਲਈ ਨਗਰ ਨਿਵਾਸੀ ਸੰਗਤਾਂ ਰਵਾਨਾ ਹੋਈਆਂ। ਇਸ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਮੁੱਖ ਸੇਵਾਦਾਰ ਨਿਰਮਲ ਬੁੰਗਾ ਬਾਬਾ ਘੱਨੱਈਆ ਸਿੰਘ ਜੀ ਪਠਲਾਵਾ ਵੱਲੋਂ ਸਮੂਹ ਪਠਲਾਵਾ ਵਾਸੀਆਂ, ਸਰਬੱਤ ਸੰਗਤਾਂ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸਮੂਹ ਸੰਗਤਾਂ ਨੇ ਰਸਦਾਂ ਵਾਲੇ ਤਿੰਨ ਟਰੱਕਾਂ ਨਾਲ ਸ੍ਰੀ ਅ੍ਰੰਮਿਤਸਰ ਸਾਹਿਬ ਲਈ ਚਾਲੇ ਪਾਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਪਠਲਾਵਾ ਵਿਖੇ ਪੁੱਜੇ ਵਿਨੈ ਬਲਬਾਨੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਗੌਤਮ ਜੈਨ, ਐਸ.ਡੀ.ਐਮ. ਬੰਗਾ ਨੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਲਈ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਜਣ ਦੇ ਕਾਰਜ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਪਿੰਡ ਵਾਸੀਆਂ ਅਤੇ ਏਕ ਨੂਰ ਸਵੈ ਸੇਵੀ ਸੰਸਥਾ ਦਾ ਪਿੰਡ ਪਠਲਾਵਾ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਧੀਆ ਸਹਿਯੋਗ ਦੇਣ ਲਈ ਵੀ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ, ਸਰਪੰਚ ਹਰਪਾਲ ਸਿੰਘ, ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੰਤ ਸਿੰਘ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਕੁਲਦੀਪ ਸਿੰਘ ਪੀਜ਼ਾ ਹਾਟ, ਅਮਰਪ੍ਰੀਤ ਸਿੰਘ ਲਾਲੀ, ਜਸਵੀਰ ਸਿੰਘ ਚੱਕ ਯੂ.ਏ.ਈ, ਬਲਬੀਰ ਸਿੰਘ ਪ੍ਰਧਾਨ, ਮਾਸਟਰ ਤਰਸੇਮ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਸਰਪੰਚ ਜਗਤ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਦਿਲਾਵਰ ਸਿੰਘ, ਜਸਪਾਲ ਸਿੰਘ ਵਾਰੀਆ, ਕੁਲਵਿੰਦਰ ਲਾਲੀ, ਪੰਚ ਸਰਬਜੀਤ ਸਿੰਘ, ਬਲਵੀਰ ਸਿੰਘ ਯੂ.ਕੇ., ਮਾਸਟਰ ਰੇਸ਼ਮ ਸ਼ੀਮਾਰ, ਬਲਵਿੰਦਰ ਸਿੰਘ ਬਿੱਟੂ, ਮਾਸਟਰ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Share This :

Leave a Reply