ਪਿੰਗਲਾ ਆਸ਼ਰਮ ਸਨੌਰ ਰੋਡ ਵਿਖੇ 200 ਵਿਅਕਤੀਆਂ ਲਈ 20 ਦਿਨਾਂ ਲਈ ਰਾਸ਼ਨ ਦੀ ਖੇਪ ਪਹੁੰਚਾਈ

ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਲੋੜਵੰਦਾਂ ਅਤੇ ਦਿਹਾੜੀਦਾਰਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕੀਤਾ ਹੈ।


ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਪਟਿਆਲਾ ਦੇ ਪਿੰਡਾਂ ਸਮੇਤ ਸ਼ਹਿਰ ਦੇ ਸਾਰੇ ਇਲਾਕਿਆਂ, ਜਿੱਥੇ ਵੀ ਦਿਹਾੜੀਦਾਰ ਮਜ਼ਦੂਰਾਂ ਤੇ ਹੋਰ ਲੋੜਵੰਦਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ, ਉਥੇ ਸੁੱਕਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਐਸ.ਡੀ.ਐਮ. ਨੇ ਅੱਜ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ ਵਿਖੇ 200 ਵਿਅਕਤੀਆਂ ਦੀ ਲੋੜ ਮੁਤਾਬਕ 20 ਦਿਨਾਂ ਲਈ ਰਾਸ਼ਨ ਪੁੱਜਦਾ ਕੀਤਾ ਹੈ। ਸ. ਚਰਨਜੀਤ ਸਿੰਘ ਖ਼ੁਦ ਪਿੰਗਲਵਾੜਾ ਆਸ਼ਰਮ ਦੇ ਮੁੱਖ ਪ੍ਰਬੰਧਕ ਬਾਬਾ ਬਲਬੀਰ ਸਿੰਘ ਨੂੰ ਮਿਲਕੇ ਆਏ ਅਤੇ ਰਾਸ਼ਨ ਪਹੁੰਚਾਇਆ।
ਇਸੇ ਦੌਰਾਨ ਲੰਗਰ ਸੇਵਾ ਸੁਸਾਇਟੀ ਰਜਿੰਦਰਾ ਹਸਪਤਾਲ ਦੇ ਮੁਖੀ ਬਾਬਾ ਗੁਰਮੋਹਨ ਸਿੰਘ ਮੋਹਣੀ ਅਤੇ ਸ. ਇਤਫ਼ਾਕ ਸਿੰਘ ਨੇ ਸੁੱਕੇ ਰਾਸ਼ਨ ਦੇ ਹੋਰ ਪੈਕੇਟ ਐਸ.ਡੀ.ਐਮ. ਪਟਿਆਲਾ ਨੂੰ ਸੌਂਪੇ ਅਤੇ ਅਗਲੇ ਦਿਨਾਂ ਵਿੱਚ ਹੋਰ ਵੀ ਪੈਕਟ ਪਹੁੰਚਾਉਣ ਦੀ ਗੱਲ ਆਖੀ।
ਐਸ.ਡੀ.ਐਮ. ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪਿੰਡ ਹਸਨਪੁਰ ਪਰੋਹਤਾਂ ਵਿਖੇ ਕਿਰਾਏ ‘ਤੇ ਰਹਿੰਦੇ 29 ਲੋੜਵੰਦ ਪਰਿਵਾਰਾਂ ਸਮੇਤ ਰਸੂਲਪੁਰ ਵਿਖੇ ਵੀ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਪਹੁੰਚਾਇਆ। ਇਸੇ ਤਰ੍ਹਾਂ ਅਰਬਨ ਅਸਟੇਟ ਨੇੜੇ ਡੀਲਵਾਲ ਤੇ ਸ਼ਹੀਦ ਊਧਮ ਸਿੰਘ ਨਗਰ ਤੇ ਹੋਰ ਥਾਂਵਾਂ ਵਿਖੇ ਵੀ ਜਰੂਰਤਮੰਦਾਂ ਨੂੰ ਲੰਗਰ ਵੰਡਿਆ ਗਿਆ।
ਐਸ.ਡੀ.ਐਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਇਸ ਸੰਕਟ ਦੀ ਘੜੀ ਵਿੱਚ ਗਰੀਬਾਂ, ਲੋੜਵੰਦਾਂ ਅਤੇ ਦਿਹਾੜੀਦਾਰ, ਜਿਨ੍ਹਾਂ ਦਾ ਕੰਮ ਕਰਫਿਊ ਕਰਕੇ ਬੰਦ ਹੈ, ਉਨ੍ਹਾਂ ਦੇ ਨਾਲ ਖੜਾ ਹੈ ਪਰੰਤੂ ਲੋਕਾਂ ਨੂੰ ਵੀ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਰਹਿ ਕੇ ਇਸ ਦੀ ਲੜੀ ਨੂੰ ਤੋੜਨ ‘ਚ ਆਪਣਾ ਬਣਦਾ ਯੋਗਦਾਨ ਪਾਉਣਾ ਪਵੇਗਾ।

Share This :

Leave a Reply