ਪਟਿਆਲਾ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨੂੰ ਆਪਣਾ ਕਮਿਊਨੀਕੇਸ਼ਨ ਪਲਾਨ ਬਣਾਉਣ ਦੀ ਹਦਾਇਤ – ਡੀ.ਸੀ

ਪਟਿਆਲਾ (ਅਰਵਿੰਦਰ ਸਿੰਘ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਰੋਨਾ ਵਾਇਰਸ ਦੇ ਸੰਭਾਵਤ ਖਤਰੇ ਦੇ ਮੱਦੇਨਜ਼ਰ ਇਹਤਿਹਾਤ ਵਜੋਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨੂੰ ਆਪਣਾ ਕਮਿਊਨੀਕੇਸ਼ਨ ਪਲਾਨ ਬਣਾਉਣ ਦੀ ਹਦਾਇਤ ਕਰਦਿਆ ਕਿਹਾ ਕਿ ਪਲਾਨ ‘ਚ ਵਿਭਾਗ ਦੇ ਜ਼ਿਲ੍ਹਾ ਮੁਖੀ ਤੋਂ ਲੈਕੇ ਸੇਵਾਦਾਰ ਤੱਕ ਸਭ ਦੇ ਸੰਪਰਕ ਨੰਬਰ ਹੋਣੇ ਚਾਹੀਦੇ ਹਨ ਅਤੇ ਲੋੜ ਸਮੇਂ ਵਿਭਾਗ ਦਾ ਨੋਡਲ ਅਫ਼ਸਰ ਜੋ ਕਿ ਵਿਭਾਗ ਦਾ ਮੁਖੀ ਹੋਵੇਗਾ ਸਬੰਧਤ ਸਟਾਫ਼ ਨੂੰ ਨਿਸ਼ਚਿਤ ਕੀਤੇ ਸਮੇਂ ‘ਚ ਹਾਜ਼ਰ ਕਰਨਾ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਤਿਆਰ ਕਮਿਊਨੀਕੇਸ਼ਨ ਪਲਾਨ ਦੀ ਕਾਪੀ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅੱਜ ਹੀ ਜਮਾਂ ਕਰਵਾਉਣੀ ਯਕੀਨੀ ਬਣਾਈ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਸਟਰ ਟਰੇਨਰਾਂ ਅਤੇ ਵੱਖ-ਵੱਖ ਵਿਭਾਗਾਂ, ਯੂਨੀਵਰਸਿਟੀ ਅਤੇ ਕਾਲਜਾਂ ਦੇ ਮੁਖੀਆਂ ਨਾਲ ਹੁਣ ਤੱਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾ ਦੀ ਸਮੀਖਿਆਂ ਕਰ ਰਹੇ ਸਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਿਨ੍ਹਾਂ ਵਿਭਾਗਾਂ ਦੀ ਡਿਊਟੀ ਆਮ ਲੋਕਾਂ ਨੂੰ ਸਿੱਖਿਅਤ ਕਰਨ ਲਈ ਲਗਾਈ ਗਈ ਹੈ ਉਹ ਇਹ ਯਕੀਨੀ ਬਣਾਉਣ ਕਿ ਜ਼ਿਲ੍ਹੇ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਸਬੰਧੀ ਪੂਰਨ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਨੂੰ ਮਾਸਟਰ ਟਰੇਨਰਾਂ ਵੱਲੋਂ ਸਿੱਖਿਅਤ ਕੀਤਾ ਗਿਆ ਹੈ ਅਤੇ ਸਿੱਖਿਅਤ ਸਟਾਫ਼ ਆਪਣੇ ਵਿਭਾਗਾਂ ਦੇ ਹੋਰ ਸਟਾਫ਼ ਨੂੰ ਵੀ ਸਿੱਖਿਅਤ ਕਰਨਾ ਯਕੀਨੀ ਬਣਾਏ ਤਾਂ ਜੋ ਲੋੜ ਸਮੇਂ ਕਿਸੇ ਵੀ ਅਧਿਕਾਰੀ/ਕਰਮਚਾਰੀ ਦੀ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੁੱਝ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਜਿਸ ਵਿੱਚ ਆਪਣੇ ਹੱਥਾਂ ਨੂੰ ਸਾਫ਼ ਰੱਖਣ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖਣਾ ਪ੍ਰਮੁੱਖ ਹੈ। ਉਨ੍ਹਾਂ ਕਿਹਾ ਸਾਰੇ ਲੋਕ ਆਪਣੇ ਘਰਾਂ ਨੂੰ ਸੈਨੇਟਾਈਜ਼ ਜ਼ਰੂਰ ਕਰਨ। ਉਨ੍ਹਾਂ ਸਮੂਹ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਵੀ ਆਪਣੇ ਦਫ਼ਤਰਾਂ ਨੂੰ ਸੈਨੇਟਾਈਜ਼ ਕਰਨ ਲਈ ਕਿਹਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਨਗਰ ਨਿਗਮ ਦੇ ਸਯੁਕੰਤ ਕਮਿਸ਼ਨਰ ਸ੍ਰੀ ਲਾਲ ਵਿਸ਼ਵਾਸ, ਡੀ.ਐਸ.ਪੀ. (ਐਚ) ਸ. ਪੁਨੀਤ ਸਿੰਘ ਚਾਹਲ ਸਮੇਤ ਵਿਭਾਗਾਂ ਦੇ ਮੁਖੀ, ਕਾਲਜ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀਆਂ ਦੇ ਨੁਮਾਇਦਿੰਆਂ ਤੋਂ ਇਲਾਵਾ ਮਾਸਟਰ ਟਰੇਨਰ ਮੌਜੂਦ ਸਨ।

Share This :

Leave a Reply