ਪਟਿਆਲਾ ਤੋਂ ਤੀਸਰੀ ਵਿਸ਼ੇਸ਼ ਰੇਲ ਗੱਡੀ ‘ਚ 1400 ਯਾਤਰੀ ਯੂ.ਪੀ. ਦੇ ਸੁਲਤਾਨਪੁਰ ਲਈ ਰਵਾਨਾ

ਪਟਿਆਲਾ (ਅਰਵਿੰਦਰ ਜੋਸ਼ਨ) ਕੋਰੋਨਾਵਾਇਰਸ ਕਰਕੇ ਲਾਗੂ ਦੇਸ਼ ਵਿਆਪੀ ਲਾਕ ਡਾਊਨ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਚਾਹਵਾਨ ਹੋਰਨਾਂ ਰਾਜਾਂ ਦੇ ਵਸਨੀਕਾਂ ਨੂੰ ਆਪਣੇ ਘਰ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕੀਤੇ ਪ੍ਰਬੰਧਾਂ ਦੇ ਚਲਦਿਆਂ ਅੱਜ ਪਟਿਆਲਾ ਤੋਂ ਤੀਜੀ ਵਿਸ਼ੇਸ਼ ਰੇਲ ਗੱਡੀ ਉਤਰ ਪ੍ਰਦੇਸ਼ ਦੇ ਵਸਨੀਕਾਂ ਨੂੰ ਲੈਕੇ ਰਵਾਨਾ ਹੋਈ।


ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਯਾਤਰੀਆਂ ਦੀ ਵਾਪਸੀ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਕਰੀਬ 1400 ਯਾਤਰੂ ਲੈਕੇ ਰਵਾਨਾ ਹੋਈ ਇਹ ਰੇਲ ਗੱਡੀ ਯੂ.ਪੀ. ਦੇ ਸੁਲਤਾਨਪੁਰ ਜ਼ਿਲ੍ਹੇ ‘ਚ ਜਾਵੇਗੀ। ਜਦੋਂਕਿ 10 ਮਈ ਨੂੰ ਇੱਕ ਹੋਰ ਵਿਸ਼ੇਸ਼ ਰੇਲ ਗੱਡੀ ਯੂ.ਪੀ. ਦੇ ਹੀ ਅੰਬੇਦਕਰ ਨਗਰ ਜ਼ਿਲ੍ਹੇ ਲਈ ਭੇਜੀ ਜਾਵੇਗੀ ਅਤੇ ਸ਼ਾਮ ਨੂੰ ਉਤਰਾਖੰਡ ਦੇ ਵਸਨੀਕਾਂ ਨੂੰ ਪੀ.ਆਰ.ਟੀ.ਸੀ. ਦੀਆਂ 19 ਬੱਸਾਂ ਵੀ ਰਵਾਨਾ ਕੀਤੀਆਂ ਜਾਣਗੀਆਂ।
ਅੱਜ ਪਟਿਆਲਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏ ਸੁਲਤਾਨਪੁਰ ਜ਼ਿਲ੍ਹੇ ਦੇ ਨਿਵਾਸੀ ਯਾਤਰੀਆਂ ਨੇ ਵੀ ਭਾਵੁਕ ਹੁੰਦਿਆਂ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਥੇ ਹੀ ਇਹ ਵੀ ਕਿਹਾ ਕਿ ਉਹ ਲਾਕਡਾਊਨ ਖੁੱਲ੍ਹਣ ਬਾਅਦ ਪਟਿਆਲਾ ਜਰੂਰ ਵਾਪਸ ਆਉਣਗੇ। ਯਾਤਰੀਆਂ ਨੇ ਕਿਹਾ ਕਿ ਉਹ ਵਾਪਸ ਤਾਂ ਨਹੀਂ ਸੀ ਜਾਣਾਂ ਚਾਹੁੰਦੇ ਪਰੰਤੂ ਕੋਰੋਨਾਵਾਇਰਸ ਕਰਕੇ ਮਜ਼ਬੂਰੀ ਵਸ ਹੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਯਾਤਰੂਆਂ ਦੀ ਵਾਪਸੀ ਲਈ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਤਰੂਆਂ ਦੀ ਜਾਣ ਤੋਂ ਪਹਿਲਾਂ ਮੈਡੀਕਲ ਸਕਰੀਨਿੰਗ ਕਰਕੇ ਮੁਫ਼ਤ ਟਿਕਟਾਂ ਸਮੇਤ ਖਾਣ ਤੇ ਪੀਣ ਦੀਆਂ ਵਸਤਾਂ ਦੇਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੀ ਰਵਾਨਾਂ ਕੀਤਾ ਗਿਆ।
ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਲਾਲ ਵਿਸ਼ਵਾਸ਼, ਡੀ.ਐਸ.ਪੀ. ਸਥਾਨਕ ਪੁਨੀਤ ਸਿੰਘ ਚਹਿਲ, ਜਗਨੂਰ ਸਿੰਘ ਗਰੇਵਾਲ ਤੇ ਜਸਲੀਨ ਕੌਰ, ਸਟੇਸ਼ਨ ਸੁਪਰਡੈਂਟ ਅਜੀਤ ਸਿੰਘ ਚੀਮਾ, ਤਹਿਸੀਲਦਾਰ ਰਣਜੀਤ ਸਿੰਘ, ਨਾਇਬ ਤਹਿਸਲੀਦਾਰ ਪਰਮਜੀਤ ਜਿੰਦਲ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Share This :

Leave a Reply