
ਪਟਿਆਲਾ (ਅਰਵਿੰਦਰ ਸਿੰਘ ) ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਿੱਥੇ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਹਨ ਉਥੇ ਹੀ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ 4 ਲੱਖ ਰੁਪਏ ਦੀ ਲਾਗਤ ਨਾਲ ਕੱਪੜੇ ਦੇ ਮੁੜ ਵਰਤੋਂ ਯੋਗ ਦੋ ਪਰਤੀ 60 ਹਜ਼ਾਰ ਮਾਸਕ ਤੁਰੰਤ ਮੁਹੱਈਆ ਕਰਵਾ ਕੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਹੈ।

ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੀ ਸਮੁਚੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਵਿੱਢੀ ਜੰਗ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ ਪਰੰਤੂ ਜਿਸ ਤਰ੍ਹਾਂ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਵੱਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦਿੱਤਾ ਸਹਿਯੋਗ ਸ਼ਲਾਘਾਯੋਗ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਇਹ ਮਾਸਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਣਵਾਉਣ ਸਮੇਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸਵੈ ਸਹਾਇਤਾ ਗਰੁੱਪਾਂ ਤੋਂ ਤਿਆਰ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਨਤਕ ਹਿੱਤਾਂ ਨੂੰ ਦੇਖਦਿਆਂ ਮਾਸਕ (2 ਪਲਾਈ ਤੇ 3 ਪਲਾਈ ਸਰਜੀਕਲ ਮਾਸਕ, ਐਨ 95 ਮਾਸਕ) ਤੇ ਹੈਂਡ ਸੈਨੇਟਾਈਜਰ ਨੂੰ ਪਹਿਲਾਂ ਹੀ ਜਰੂਰੀ ਵਸਤਾਂ ਕਰਾਰ ਦਿੱਤਾ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕਿ 3 ਪਲਾਈ ਸਰਜੀਕਲ ਮਾਸਕ ਤੇ ਐਨ 95 ਮਾਸਕ ਸਿਹਤ ਸੇਵਾਵਾਂ, ਖਾਸ ਕਰਕੇ ਕੋੋਰੋਨਾਵਾਇਰਸ ਸੰਕਰਮਿਤ ਮਰੀਜਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਲੋੜੀਂਦੇ ਹਨ ਪਰੰਤੂ ਹੋਰਨਾਂ ਜਰੂਰੀ ਸੇਵਾਵਾਂ ਵਿੱਚ ਲੱਗੇ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਮਾਸਕਾਂ ਦੀ ਜਰੂਰਤ ਨੂੰ ਦੇਖਦਿਆਂ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਨਾਲ ਆਪਣਾ ਮੋਢਾ ਜੋੜਦਿਆਂ 60 ਹਜ਼ਾਰ ਮਾਸਕ ਉਪਲਬਧ ਕਰਵਾਉਣ ਲਈ ਆਪਣਾ ਸ਼ਲਾਘਾਯੋਗ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਹੋਰਨਾਂ ਸੰਸਥਾਵਾਂ ਨੂੰ ਵੀ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਇਸੇ ਦੌਰਾਨ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਐਚ.ਪੀ.ਐਸ. ਲਾਂਬਾ ਨੇ ਦੱਸਿਆ ਕਿ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਦੇ ਸਰਵਸ੍ਰੀ ਨਰੇਸ਼ ਗੁਪਤਾ, ਸੰਜੇ ਸਿੰਗਲਾ, ਰਾਜਨ ਗੁਪਤਾ, ਰਾਜੀਵ ਗੋਇਲ, ਐਚ.ਐਸ. ਵਾਲੀਆ, ਸੰਜੇ ਸਿੰਗਲਾ, ਅਸ਼ਵਨੀ ਗਰਗ, ਸਤਪਾਲ ਗੋਇਲ, ਜੈ ਨਾਰਾਇਣ, ਰਜਿੰਦਰ ਗੁਪਤਾ, ਸੁਨੀਲ ਸੂਦ, ਗੁਰਦੇਵ ਸਿੰਘ, ਕੇ.ਐਲ. ਵਰਮਾ, ਪਰਵੇਸ਼ ਮੰਗਲਾ, ਅਨਿਲ ਗੋਇਲ, ਪਵਨ ਗੁਪਤਾ, ਸੁਭਾਸ਼ ਗੁਪਤਾ, ਰਾਕੇਸ਼ ਗੋਇਲ, ਵਿਕਰਮ ਗੋਇਲ, ਸੰਦੀਪ ਗੁਪਤਾ ਤੇ ਰਾਜੇਸ਼ ਸਿੰਗਲਾ ਨੇ ਸਹਿਯੋਗ ਦਿੱਤਾ ਹੈ।
ਸ੍ਰੀ ਲਾਂਬਾ ਨੇ ਦੱਸਿਆ ਕਿ ਸ੍ਰੀ ਨਰੇਸ਼ ਗੁਪਤਾ ਨੇ ਇੱਕ ਲੱਖ ਰੁਪਏ ਪ੍ਰਧਾਨ ਮੰਤਰੀ ਕੇਅਰ ਫੰਡ ਤੇ 1 ਲੱਖ ਰੁਪਏ ਮੁੱਖ ਮੰਤਰੀ ਪੰਜਾਬ ਰਲੀਫ਼ ਫੰਡ ਕੋਵਿਡ-19 ਲਈ ਯੋਗਦਾਨ ਪਾਇਆ ਹੈ। ਇਸ ਤੋਂ ਬਿਨ੍ਹਾਂ ਆਪਣੇ ਸਾਰੇ ਸਟਾਫ਼ ਤੇ ਮਜ਼ਦੂਰਾਂ ਨੂੰ ਮਾਸਕ, ਸੈਨੇਟਾਈਜ਼ਰ ਤੇ ਲਿਕੁਇਡ ਸੋਪ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਇੰਡਸਟਰੀ ਐਸੋਸੀਏਸ਼ਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਭਵਿੱਖ ਵਿੱਚ ਮੈਡੀਕਲ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪੀ.ਪੀ.ਈ. ਕਿੱਟਾਂ ਵੀ ਮੁਹੱਈਆ ਕਰਵਾਏਗਾ।