ਅੰਮ੍ਰਿਤਸਰ (ਮੀਡੀਆ ਬਿਊਰੋ ) ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਸਕੀਮ ਅਧੀਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਬੇਰੋਜ਼ਗਾਰਾਂ ਨੌਜਵਾਨਾਂ ਲਈ ਆਨਲਾਈਨ ਕੈਰੀਅਰ ਕਾਊਸਲਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਖਤਮ ਹੋਣ ਬਾਅਦ ਹੋਣ ਵਾਲੀਆਂ ਪ੍ਰਤੀਯੋਗਤਾਂਵਾਂ ਦੀ ਪ੍ਰੀਖਿਆ ਨੂੰ ਪਾਸ ਕਰ ਸਕਣ ਅਤੇ ਆਪਣੇ ਕੈਰੀਅਰ ਸੰਬੰਧੀ ਸਹੀ ਦਿਸ਼ਾ ਪ੍ਰਾਪਤ ਕਰ ਸਕਣ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਲੱਵੀ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਤੋਂ ਨਿਜਾਤ ਪਾਉਣ ਲਈ ਪੰਜਾਬ ਸੂਬੇ ਵਿੱਚ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਵੱਲੋਂ ਸੋਮਵਾਰ ਤੋਂ ਹੀ ਨੌਜਵਾਨਾਂ ਲਈ ਆਨਲਾਈਨ ਕਾਊਸਲਿੰਗ ਦਾ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਦੇ ਕਾਊਂਸਲਰ ਦੁਆਰਾ ਆਨਲਇਨ ਕਾਊਂਸਲਿੰਗ ਦੌਰਾਨ ਵੱਖ ਵੱਖ ਪ੍ਰੀਖਿਆਵਾਂ ਪਾਸ ਕਰਨ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਰੋਜ਼ਗਾਰ ਪਾਉਣ ਦੇ ਮੌਕਿਆਂ, ਸਹੀ ਕੈਰੀਅਰ ਦੀ ਚੋਣ ਕਰਨ ਅਤੇ ਵਿਦੇਸ਼ਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਨੇ ਦੱਸਿਆ ਕਿ ਇਸ ਸਕੀਮ ਅਧੀਨ ਨੋਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਸਬੰਧੀ ਅਤੇ ਆਪਣੀ ਯੋਗਤਾ ਦਾ ਨਿਜੀ ਵਿਵਰਣ (ਸੀ. ਵੀ.) ਸਹੀ ਤਰੀਕੇ ਨਾਲ ਤਿਆਰ ਕਰਨ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਕਾਊਂਸਲਰ ਵੱਲੋਂ ਪੰਜਾਬ ਸਰਕਾਰ ਦੀਆਂ ਸਵੈ-ਰੋਜ਼ਗਾਰ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਨੋਜਵਾਨਾਂ ਨੂੰ ਦਿੱਤੀ ਜਾਵੇਗੀ।ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਵੱਧ ਤੋਂ ਵੱਧ ਨੋਜਵਾਨਾਂ ਨੂੰ ਬਿਓਰੋ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਕੋਵਿਡ 19 ਮਹਾਂਮਾਰੀ ਦੇ ਸਮੇਂ ਦੌਰਾਨ ਵੀ ਨੋਜਵਾਨ ਦਾ ਵਿਸ਼ਵਾਸ ਅਤੇ ਉਤਸ਼ਾਹ ਬਣਾਈ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਆਨਲਾਈਨ ਕਾਊਸਲਿੰਗ ਦੇ ਚਾਹਵਾਨ ਨੌਜਵਾਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅੰਮ੍ਰਿਤਸਰ ਦੇ ਕੈਰੀਅਰ ਕਾਊਂਸਲਰ ਸ਼ੀਮਤੀ ਭਾਰਤੀ ਸ਼ਰਮਾ ਨਾਲ ਮੋਬਾਇਲ ਨੰਬਰ 98775-67376 ਤੇ ਸੰਪਰਕ ਕਰ ਸਕਦੇ ਹਨ ਅਤੇ ਆਨਲਾਈਨ ਕਾਊਸਲਿੰਗ ਦੀਆਂ ਸੇਵਾਵਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਹੱਈਆ ਕੀਤੀਆਂ ਜਾਣਗੀਆਂ।