ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਦੇ ਖੁਰਾਕ ਸੁਪਲਾਈ ਵਿਭਾਗ ਵੱਲੋਂ ਜਾਰੀ ਤਾਜ਼ਾ ਸੂਚੀ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਦਾ ਨਾਮ ਕੱਟ ਦਿੱਤਾ ਗਿਆ ਹੈ ਜਿਸਦਾ ਆਮ ਆਦਮੀ ਪਾਰਟੀ ਹਲਕਾ ਸਨੌਰ ਨੇ ਸਖ਼ਤ ਨੋਟਿਸ ਲੈਂਦਿਆਂ ਕਰੜੇ ਸ਼ਬਦਾਂ ਵਿੱਚ ਨਿਦਿਆਂ ਕੀਤੀ ਅਤੇ ਜਿਲਾ ਖੁਰਾਕ ਸੁਪਲਾਈ ਕੰਟਰੋਲਰ ਨੂੰ ਇੱਕ ਇੱਕ ਮੰਗ ਪੱਤਰ ਵੀ ਦਿੱਤਾ।
ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਦੀ ਅਗਵਾਈ ਮਿਲੇ ਵਫ਼ਦ ਚ ਸ਼ਾਮਿਲ ਮਾਸਟਰ ਮਾਸਟਰ ਗੁਰਨਾਮ ਸਿੰਘ, ਜਿਲਾ ਜਰਨਲ ਸਕੱਤਰ ਮਦਨ ਮੋਹਨ ਜੁਲਕਾਂ, ਏਰੀਆ ਕਮਾਂਡਰ ਨਾਜਰ ਸਿੰਘ , ਏਰੀਆ ਕਮਾਂਡਰ ਸ਼ਰਨਜੀਤ ਸਿੰਘ ਢਿੱਲੋਂ, ਕ੍ਰਿਸ਼ਨ ਕੁਮਾਰ ਬਹਿਰੂ, ਮਹਿਲਾ ਆਗੂ ਪ੍ਰੀਤੀ ਸਨੌਰ, ਸ਼ੋਸ਼ਲ ਮੀਡੀਆ ਇੰਚਾਰਜ ਜਿਊਣ ਸਿੰਘ ਫਤਿਹਪੁਰ, ਸੁਰਿੰਦਰ ਸਿੰਘ ਲਾਡੀ ਚੌਹਾਨ, ਤਰਸੇਮ ਸਿੰਘ ਬੰਟੀ ਬਿੰਜਲ, ਮੇਵਾ ਸਿੰਘ ਬਹਿਰੂ, ਮਨਜੀਤ ਕੌਰ , ਅਮਰਜੀਤ ਕੌਰ ਆਦਿ ਨੇ ਆਖਿਆ ਕਿ ਪਿੰਡਾਂ ਚ ਲੱਗਭਗ 23 ਪ੍ਰਤੀਸ਼ਤ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਜੋ ਕਿ ਸਿਰਫ ਅਤੇ ਸਿਰਫ ਪਾਰਟੀਬਾਜ਼ੀ ਦੇ ਚਲਦਿਆਂ ਕੱਟੇ ਗਏ ਹਨ। ਆਪ ਆਗੂਆਂ ਨੇ ਆਖਿਆ ਕਿ ਨੀਲੇ ਕਾਰਡ ਜਿਹਨਾਂ ਨੂੰ ਲੋਕ ਆਟਾ ਦਾਲ ਕਾਰਡ ਵੀ ਆਖਦੇ ਹਨ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰਾਂ ਦੇ ਬਣਾਏ ਜਾਂਦੇ ਹਨ ਪਰ ਸਰਕਾਰ ਦੇ ਆਦਮੀਆਂ ਨੇ ਆਪਣੇ ਰਸੂਖ ਵਾਲੇ ਲੋਕਾਂ ਦੇ ਕਾਰਡ ਜਾਰੀ ਕਰ ਦਿੱਤੇ ਹਨ ਜਦੋਂਕਿ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਲੋਕਾਂ ਦੇ ਕਾਰਡ ਕੱਟ ਦਿੱਤੇ ਹਨ। ਇਸ ਮੌਕੇ ਹਲਕਾ ਇੰਚਾਰਜ ਸੰਧੂ ਨੇ ਆਖਿਆ ਕਿ ਖੁਰਾਕ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਦਫਤਰਾਂ ਵਿੱਚ ਬੈਠ ਕੇ ਹੀ ਇਹ ਨੀਲੇ ਕਾਰਡ ਕੱਟੇ ਹਨ ਇਸ ਦੀ ਉੱਚ ਪੱਧਰੀ ਜਾਂਚ ਕਰਨੀ ਬਣਦੀ ਹੈ, ਉਹਨਾਂ ਆਖਿਆ ਕਿ ਲੋਕਾਂ ਇਸ ਪੱਖਪਾਤੀ ਰਵਈਏ ਖਿਲਾਫ ਬਹੁਤ ਰੋਸ ਹੈ ਅਤੇ ਉਹ ਰੋਜ਼ਾਨਾ ਆਪ ਆਗੂਆਂ ਕੋਲ ਪਹੁੰਚ ਕਰ ਕੇ ਇਨਸਾਫ ਲਈ ਗੁਹਾਰ ਲਗਾ ਰਹੇ ਹਨ। ਸੰਧੂ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮਸਲੇ ਤੇ ਕਾਰਵਾਈ ਕਰਦਿਆਂ ਕੱਟੇ ਹੋਏ ਕਾਰਡ ਬਹਾਲ ਕੀਤੇ ਜਾਣ, ਉਹਨਾਂ ਆਖਿਆ ਕਿ ਅਗਰ ਇਸ ਮਸਲੇ ਤੇ ਕੋਈ ਹੱਲ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਲੋਕਾਂ ਖਾਤਿਰ ਸੜਕਾਂ ਉੱਪਰ ਉਤਰੇਗੀ, ਧਰਨੇ ਪ੍ਰਦਰਸ਼ਨ ਕਰੇਗੀ ਅਤੇ ਜਦੋਂ ਕਿ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਲੋਕਾਂ ਦੀ ਲੜਾਈ ਲੜੇਗੀ।