ਨਾੜ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਅਦਾਲਤਾਂ ’ਚ ਚਲਾਣ ਪੇਸ਼ ਕੀਤੇ ਜਾਣਗੇ

ਜ਼ਿਲ੍ਹੇ ’ਚ ਕਣਕ ਦੀ ਨਾੜ ਅਤੇ ਖੇਤੀਬਾੜੀ ਰਹਿੰਦ-ਖੂੰਹਦ ਸਾੜਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹੇ ’ਚ ਕਣਕ ਦੇ ਨਾੜ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦਿਆਂ, ਵਾਤਾਵਰਣ ਮੁਆਵਜ਼ਾ ਰਾਸ਼ੀ ਜਮ੍ਹਾਂ ਨਾ ਕਰਵਾਉਣ ’ਤੇ ਅਦਾਲਤ ’ਚ ਚਲਾਣ ਪੇਸ਼ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਅੱਜ ਖੇਤੀਬਾੜੀ ਅਧਿਕਾਰੀਆਂ, ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਦੀ ਹਾਜ਼ਰੀ ਵਾਲੀ ਮੀਟਿੰਗ ’ਚ ਸਪੱਸ਼ਟ ਕੀਤਾ ਗਿਆ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਨਰਮੀ ਨਾ ਵਰਤੀ ਜਾਵੇ ਅਤੇ ਵਾਤਾਵਰਣ ਮੁਆਵਜ਼ਾ ਰਾਸ਼ੀ ਦੀ ਵਸੂਲੀ ਯਕੀਨੀ ਬਣਾਈ ਜਾਵੇ।

ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਨਿਰਧਾਰਿਤ ਵਾਤਾਵਰਣ ਮੁਆਵਜ਼ਾ ਰਾਸ਼ੀ ਨਾ ਜਮ੍ਹਾਂ ਕਰਵਾਏ ਜਾਣ ’ਤੇ ਮਾਲ ਰਿਕਾਰਡ ’ਚ ‘ਰੈਡ ਐਂਟਰੀ’ ਪਾਈ ਜਾਵੇ ਅਤੇ ਉਸ ਤੋਂ ਬਾਅਦ ਅਦਾਲਤ ’ਚ ਚਲਾਣ ਪੇਸ਼ ਕਰ ਦਿੱਤਾ ਜਾਵੇ। ਇਸ ਮੌਕੇ ਮੌਜੂਦ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਸੈਟੇਲਾਈਟ ਸਾਈਟਸ ਦੀ ਉਪਲਬਧਤਾ ਦੇ ਆਧਾਰ ’ਤੇ 25 ਮਾਮਲਿਆਂ ’ਚ 67500 ਰੁਪਏ ਦਾ ‘ਵਾਤਾਵਰਣ ਮੁਆਵਜ਼ਾ’ ਪਾਇਆ ਗਿਆ ਹੈ ਜਦਕਿ 39 ਸਾਈਟਾਂ ਦੀ ਨਿਰੀਖਣ ਰਿਪੋਰਟ ਹਾਲਾਂ ਬਕਾਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਜਿਹੜੀਆਂ ਸਾਈਟਾਂ ਆਪਣੇ ਆਪ ਜਾਂ ਸ਼ਿਕਾਇਤ ਦੇ ਆਧਾਰ ’ਤੇ ਵਾਚੀਆਂ ਗਈਆਂ, ਉਨ੍ਹਾਂ ’ਚ 20 ਮਾਮਲਿਆਂ ’ਚ 50000 ਰੁਪਏ ਦਾ ‘ਵਾਤਾਵਰਣ ਮੁਆਵਜ਼ਾ’ ਜਮ੍ਹਾ ਕਰਵਾਉਣ ਦੇ ਨੋਟਿਸ ਕੱਢੇ ਗਏ ਹਨ ਜਦਕਿ 12 ਐਫ ਆਈ ਆਰ ਕੀਤੀਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਸ਼ਰਮਾ ਤੇ ਡਿਪਟੀ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਤੇ ਪ੍ਰਦੂਸ਼ਣ ਰੋਕਥਾਮ ਵਿਭਾਗ ਦੇ ਐਸ ਡੀ ਓ ਵੀ ਮੌਜੂਦ ਸਨ।

Share This :

Leave a Reply