ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵੱਲੋਂ ਪੰਦਰ੍ਹਵੀਂ ਵਿਧਾਨ ਸਭਾ ’ਚ ਆਪਣੀ ਰਹਿੰਦੀ ਮਿਆਦ ਦੀ ਤਨਖਾਹ ਨਾ ਲੈਣ ਦਾ ਐਲਾਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਪੱਤਰ ਲਿਖਦੇ ਹੋਏ ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਵਿਧਾਨ ਸਭਾ ’ਚ ਨਵਾਂਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਅੰਗਦ ਸਿੰਘ ਨੇ ਕੋਵਿਡ ਕਾਰਨ ਦਰਪੇਸ਼ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਨਾਲ ਇਕੱਜੁਟਤਾ ਦਿਖਾਉਂਦਿਆਂ ਆਪਣੀ ਰਹਿੰਦੀ ਮਿਆਦ ਦੀ ਪੂਰੀ ਤਨਖਾਹ ਨਾ ਲੈਣ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸੰਬੋਧਿਤ ਪੱਤਰ ’ਚ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਲਿਖਿਆ ਹੈ ਕਿ ਜਦੋਂ ਪੂਰਾ ਵਿਸ਼ਵ ਕੋਵਿਡ-19 ਦੀ ਭਿਆਨਕ ਬਿਮਾਰੀ ਦੀ ਲਪੇਟ ’ਚ ਹੈ ਅਤੇ ਹਰੇਕ ਸਰਕਾਰ ਆਪਣੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਿਰ-ਤੋੜ ਯਤਨ ਕਰ ਰਹੀ ਹੈ ਤਾਂ ਉਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਮੱਦਦ ਵਜੋਂ ਮੈਂ ਪੰਦਰ੍ਹਵੀਂ ਵਿਧਾਨ ਸਭਾ ਦੇ ਆਪਣੇ ਰਹਿੰਦੇ ਕਾਰਜਕਾਲ ਦੀ ਪੂਰੀ ਤਨਖਾਹ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਹਿੱਤ ਸਰਕਾਰ ਨੂੰ ਜਨਤਕ ਹਿੱਤ ਲਈ ਵਰਤਣ ਦੀ ਬੇਨਤੀ ਕਰਦਾ ਹਾਂ।

ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਇਸ ਮਹਾਂਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਸੁਰੱਖਿਅਤ ਆਪਣੇ ਰਾਜਾਂ ਨੂੰ ਵਾਪਸੀ ਅਤੇ ਪੰਜਾਬ ਤੋਂ ਬਾਹਰ ਰਹਿ ਗਏ ਲੋਕਾਂ ਦੀ ਪੰਜਾਬ ਵਾਪਸੀ ਬਾਰੇ ਬਣਾਈ ਗਈ ਨੀਤੀ ਨਾਲ ਲੱਖਾਂ ਉਨ੍ਹਾਂ ਪ੍ਰਵਾਸੀਆਂ ਅਤੇ ਹਜ਼ਾਰਾਂ ਪੰਜਾਬ ਦੇ ਦੂਸਰੇ ਰਾਜਾਂ ’ਚ ਰਹਿਣ ਵਾਲੇ ਪੰਜਾਬੀਆਂ ਨੂੰ ਵਾਪਸੀ ਦਾ ਲਾਭ ਮਿਲਿਆ ਹੈ। ਇਸ ਮਹਾਂਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਨੂੰ ਵੱਜੀ ਭਾਰੀ ਸੱਟ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਸਾਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਾਲੇ ਲੋਕ ਹੀ ਆਰਿਥਕ ਨੁਕਸਾਨ ਝੱਲ ਰਹੇ ਹੋਣ, ਉਸ ਮੌਕੇ ਮੇਰੀ ਅੰਤਰ-ਆਤਮਾ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ’ਚੋਂ ਤਨਖਾਹ ਲੈਣ ਦੀ ਇਜ਼ਾਜ਼ਤ ਨਹੀਂ ਦਿੰਦੀ। ਉਨ੍ਹਾਂ ਕੋਵਿਡ-19 ਮਹਾਂਮਾਰੀ ਦੌਰਾਨ ਮੋਹਰਲੀ ਕਤਾਰ ’ਚ ਹੋ ਕੇ ਲੜ ਰਹੇ ਕੱਚੇ ਸਰਕਾਰੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਅਪੀਲ ਕਰਦਿਆਂ, ਪੰਜਾਬ ਨੂੰ ਕੋਵਿਡ-19 ਤੋਂ ਬਚਾਉਣ ’ਚ ਲੱਗੇ ਸਮੂਹ ਕਰਮਚਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਕਰਨ ਦੀ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ।

Share This :

Leave a Reply