ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸੀ .ਐਨ. ਜੀ., ਸਨਅਤੀ ਅਤੇ ਘਰੇਲੂ ਗੈਸ ਸਪਲਾਈ ਦੀ ਲਾਈਨ ਨਵਾਂਸ਼ਹਿਰ ’ਚ ਅਗਲੇ ਸਾਲ ਤੱਕ ਕਾਰਜਸ਼ੀਲ ਹੋ ਜਾਵੇਗੀ, ਜਿਸ ਤੋਂ ਬਾਅਦ ਘਰਾਂ ਨੂੰ ਮੀਟਿ੍ਰੰਗ ਪ੍ਰਣਾਲੀ ਰਾਹੀਂ ਬਿਨਾਂ ਸਿਲੰਡਰ ਤੋਂ ਪਾਈਪ ਰਾਹੀਂ ਗੈਸ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾ ਅੱਜ ਥਿੰਕ ਗੈਸ ਲੁਧਿਆਣਾ ਵੱਲੋਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਕੰਪਨੀ ਦੇ ਨੁਮਾਇੰਦੇ ਜੋਹਨੀ ਸ਼ਰਮਾ ਨੇ ਇਸ ਮੌਕੇ ਦੱਸਿਆ ਕਿ ਸਭ ਤੋਂ ਪਹਿਲਾਂ ਨਵਾਂਸ਼ਹਿਰ ਅਤੇ ਉਸ ਤੋਂ ਬਾਅਦ ਅਗਲੇ ਪੜਾਅ ’ਚ ਜ਼ਿਲ੍ਹੇ ਦੇ ਬਾਕੀ ਸ਼ਹਿਰਾਂ ਨੂੰ ਗੈਸ ਸਪਲਾਈ ਸ਼ੁਰੂ ਕੀਤੀ ਜਾਵੇਗੀ।
ਜ਼ਿਲ੍ਹੇ ਦਾ ਪਹਿਲਾ ਸੀ.ਐਨ. ਜੀ. ਪੰਪ ਜੋ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਬਲਾਚੌਰ ਵਿਖੇ ਮੈਕ ਡੀ ਨੇੜੇ ਲਾਇਆ ਜਾ ਰਿਹਾ ਹੈ, ਵੀ ਸਤੰਬਰ ਮਹੀਨੇ ਤੱਕ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਾਅਦ ’ਚ ਇੱਕ ਹੋਰ ਸੀ.ਐਨ .ਜੀ. ਪੰਪ ਜਾਡਲਾ ਨੇੜੇ ਲੱਗੇਗਾ ਅਤੇ ਉੱਥੇ ਹੀ ਸਿਟੀ ਗੈਸ ਸਟੇਸ਼ਨ ਬਣਾਇਆ ਜਾਵੇਗਾ, ਜਿੱਥੋਂ 25 ਕਿਲੋਮੀਟਰ ਦੀ ਮੇਨ ਸਟੀਲ ਪਾਈਪ ਲਾਈਨ ਰਾਹੀਂ ਤੇ ਅੱਗੋਂ ਛੋਟੀਆਂ ਪਾਈਪ ਲਾਈਨਾਂ ਰਾਹੀਂ ਘਰਾਂ ਨੂੰ ਗੈਸ ਸਪਲਾਈ ਜਾਵੇਗੀ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਸ ਮੌਕੇ ਜੰਗਲਾਤ, ਨਗਰ ਕੌਂਸਲਾਂ, ਨੈਸ਼ਨਲ ਹਾਈਵੇਅ ਤੇ ਹੋਰਨਾਂ ਮਹਿਕਮਿਆਂ ਜਿਨ੍ਹਾਂ ਨਾਲ ਇਤਰਾਜ਼ਹੀਣਤਾ ਸਰਟੀਫ਼ਿਕੇਟਾਂ ਦਾ ਸਬੰਧ ਹੈ, ਨੂੰ ਐਨ ਓ ਸੀ ਦੀ ਕਾਰਵਾਈ ਜਲਦ ਨਿਪਟਾਉਣ ਲਈ ਕਿਹਾ ਤਾਂ ਜੋ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਬਾਅਦ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਸਕੇ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਫ਼ੰਕਸ਼ਨਲ ਮੈਨੇਜਰ ਅਰਸ਼ਪ੍ਰੀਤ, ਐਸ ਡੀ ਓ ਲੋਕ ਨਿਰਮਾਣ ਵਿਭਾਗ ਜਸਵੰਤ ਸਿੰਘ ਗਰੇਵਾਲ, ਮੰਡੀ ਬੋਰਡ, ਵਣ ਵਿਭਾਗ, ਟਾਊਨ ਪਲਾਨਰ ਜਲੰਧਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।