ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਸੰਭਾਵਤ ਖ਼ਤਰੇ ਦਾ ਮੁਕਾਬਲਾ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਤਰਜ ‘ਤੇ ਨਗਰ ਨਿਗਮ ਪਟਿਆਲਾ ਨੇ ਵੀ ਕੋਰੋਨਾ ਵਾਇਰਸ ਦੀ ਸੰਭਾਵਨਾ ਦੇ ਮੱਦੇਨਜ਼ਰ ਆਪਣੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਨਗਰ ਨਿਗਮ ਕੋਲ ਕੁੱਲ ਅਮਲੇ ਦੀ ਨਫ਼ਰੀ 1700 ਹੈ ਅਤੇ ਨਿਗਮ ਨੇ ਲੋਕਾਂ ਪ੍ਰਤੀ ਆਪਣੀ ਜਿਮੇਦਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਰੋਨਾ ਦੇ ਪ੍ਰਕੋਪ ਨੂੰ ਸਮੇਂ ਤੋਂ ਪਹਿਲਾਂ ਰੋਕਣ ਲਈ ਅਤੇ ਇਸਦਾ ਮੁਕਾਬਲਾ ਕਰਨ ਲਈ ਇਸਦੇ ਸਾਰੇ ਜਿੰਮੇਵਾਰ ਵਿਭਾਗ ਰਾਤ-ਦਿਨ ਕੰਮ ਕਰ ਰਹੇ ਹਨ।
ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿਟੂ ਅਤੇ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਖ਼ੁਦ ਕੋਰੋਨਾ ਵਾਇਰਸ ਖ਼ਿਲਾਫ਼ ਤਿਆਰੀ ਦੀ ਦੇਖਰੇਖ ਕਰ ਰਹੇ ਹਨ ਅਤੇ ਉਨ੍ਹਾਂ ਨੇ ਸੰਭਾਵਤ ਖ਼ਤਰੇ ਦਾ ਮੁਕਾਬਲਾ ਕਰਨ ਲਈ ਕੀਤੇ ਪ੍ਰਬੰਧਾਂ ਦੀ ਨਿਗਰਾਨੀ ਕਰਦਿਆਂ ਤਿਆਰੀ ਦੇ ਪੈਮਾਨੇ ‘ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਕੋਰੋਨਾ ਵਾਇਰਸ ਦੀ ਸੰਭਾਵਨਾ ਨੂੰ ਦੇਖਦਿਆਂ ਆਪਣੇ ਰੁਟੀਨ ਦੇ ਬਹੁਤੇ ਕੰਮਾਂ ਨੂੰ ਫਿਲਹਾਲ ਇਕ ਪਾਸੇ ਕਰ ਦਿੱਤਾ ਹੈ, ਅਤੇ ਕੋਰੋਨਾ ਵਾਇਰਸ ਦੇ ਸੰਭਾਵਤ ਵਾਇਸ ਨੂੰ ਫੈਲਣ ਤੋਂ ਰੋਕਣ ਲਈ ਹੀ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਨਿਗਮ ਦੇ ਸਾਰੇ ਕਰਮਚਾਰੀਆਂ ਨੂੰ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਸੰਬੰਧੀ ਕਰਮਚਾਰੀਆਂ ਨੂੰ ਜਾਣੂ ਕਰਵਾਉਂਦਿਆਂ ਰੋਕਥਾਮ ਉਪਾਵਾਂ ਸੰਬੰਧੀ ਸਿਖਲਾਈ ਦਿੱਤੀ ਗਈ ਹੈ, ਜਿਸ ਦੀ ਬਦੌਲਤ ਸ਼ਹਿਰ ਕੋਰੋਨਾ ਵਾਇਰਸ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਦੋਂਕਿ ਕੌਂਸਲਰਾਂ ਵੱਲੋਂ ਆਪਣੇ ਵਾਰਡਾਂ ‘ਚ ਆਮ ਲੋਕਾਂ ਨੂੰ ਨਿੱਜੀ ਤੌਰ ‘ਤੇ ਮਿਲਕੇ ਕੋਰੋਨਾ ਤੋਂ ਸੁਚੇਤ ਰਹਿਣ ਅਤੇ ਜਰੂਰੀ ਗੱਲਾਂ ਦਾ ਧਿਆਨ ਰਖਣ ਲਈ ਕਿਹਾ ਜਾ ਰਿਹਾ ਹੈ। ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਉਹ ਦਿਨ ਰਾਤ ਆਪਣੇ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਜਰੂਰੀ ਕਦਮ ਚੁੱਕ ਰਹੇ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਦਿੱਤੇ ਜਾ ਰਹੇ ਨਿਰਦੇਸ਼ਾਂ ਦੀ ਵੀ ਪਾਲਣਾ ਕਰਵਾਈ ਜਾ ਰਹੀ ਹੈ। ਨਿਗਮ ਦੀ ਲਿਫਟ ਨੂੰ ਕੋਰੋਨਾ ਵਾਇਰਸ ਦੀ ਸੰਭਾਵਨਾ ਕਰਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਸੈਨੇਟਾਈਜ਼ਰ ਉਪਲਬੱਧ ਕਰਵਾਇਆ ਗਿਆ ਹੈ ਜਦੋਂਕਿ ਕਰਮਚਾਰੀਆਂ ਨੂੰ ਸੈਨੇਟਾਈਜ਼ਰ, ਤਰਲ ਸਾਬਣ, ਮਾਸਕ, ਹੱਥ ਦੇ ਦਸਤਾਨੇ ਆਦਿ ਜਰੂਰੀ ਸਮਾਨ ਵੰਡਿਆ ਹੈ।ਸ਼ਹਿਰ ਦੇ ਮੁੱਖ ਡੰਪਿੰਗ ਗ੍ਰਾਉਂਡ ਦਾ ਰਸਾਇਣਕ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ। ਇੱਕ ਸਾਂਝੀ ਅਪੀਲ ਵਿੱਚ, ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਲਈ ਜਰੂਰੀ ਸਾਵਧਾਨੀਆਂ ਨੂੰ ਅਣਗੋਲਿਆ ਨਾਂ ਕੀਤਾ ਜਾਵੇ ਕਿਉਂਕਿ ਕੋਰੋਨਾਵਾਇਰਸ ਹਵਾ ਨਾਲ ਨਹੀਂ ਸਗੋਂ ਛੂਹਣ ਨਾਲ ਫੈਲਦਾ ਹੈ, ਇਸ ਲਈ ਜਰੂਰੀ ਹੈ ਕਿ ਹੱਥ ਮਿਲਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਗਲੇ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਤੁੰਰਤ ਡਾਕਟਰੀ ਸਹਾਇਤਾ ਲਈ ਜਾਵੇ। ਵਿਦੇਸ਼ਾਂ ਤੋਂ ਆਏ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਉਨ੍ਹਾਂ ਦੀ ਜਾਣਕਾਰੀ ਆਪਣੇ ਨੇੜੇ ਦੀ ਡਿਸਮੈਂਸਰੀ ਜਾਂ ਨਿਗਮ ਕੋਲ ਦਿਤੀ ਜਾ ਸਕਦੀ ਹੈ। ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਵੇਲੇ ਉਨ੍ਹਾਂ ਦੀ 16 ਮੈਂਬਰੀ ਟੀਮ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਦਾ ਕੰਮ ਹੀ ਕਰ ਰਹੀ ਹੈ।ਸਾਰੀਆਂ ਰੋਕਥਾਮ ਸਾਵਧਾਨੀਆਂ ਅਪਨਾਉਣ ਅਤੇ ਇੱਕ ਦੂਜੇ ਨਾਲ ਹੱਥ ਜੋੜ ਕੇ ਸੰਪਰਕ ਕਰਨ ਤੋਂ ਬਚਣ ਲਈ ਕਿਹਾ ਹੈ।