ਨਕਾਰਖ਼ਾਨੇ ਵਿੱਚ ਤੂਤੀ


ਪਟਿਆਲੇ ਸਬਜ਼ੀ ਮੰਡੀ ਵਿੱਚ ਇੱਕ ਨਿਹੰਗ ਸਿੰਘ ਨੇ ਕ੍ਰਿਪਾਨ ਨਾਲ ਇੱਕ ਪੁਲਸ ਵਾਲੇ ਉੱਤੇ ਹਮਲਾ ਕੀਤਾ। ਇਹ ਕਈ ਪੱਖਾਂ ਤੋਂ ਨਿੰਦਣਯੋਗ ਹੈ। ਹਮਲਾਵਰ ਨੂੰ ਯੋਗ ਕਾਨੂੰਨੀ ਸਜ਼ਾ ਦੇਣ ਦੇ ਪੱਖ ਵਿੱਚ ਵੀ ਹਰ ਕਾਨੂੰਨ ਨੂੰ ਮੰਨਣ ਵਾਲੇ ਸ਼ਖ਼ਸ ਦਾ ਭੁਗਤਣਾ ਬਣਦਾ ਹੈ।
ਹੁਣ ਜਿਊਂਦੇ-ਜਾਗਦੇ ਸ਼ਹਿਰੀਆਂ ਦਾ ਪੁਲਸ ਦੇ ਸਬੰਧ ਵਿੱਚ ਹੋਰ ਪਹਿਲੂਆਂ ਉੱਤੇ ਵਿਚਾਰ ਕਰਨਾ ਵੀ ਲਾਜ਼ਮੀ ਹੋ ਗਿਆ ਹੈ।  
(1) ਜਾਪਦਾ ਇਹ ਹੈ ਕਿ ਪੰਜਾਬ ਵਿੱਚ ਲੋਕਾਂ ਦਾ ਰਾਜ ਨਹੀਂ, ਪੁਲਸ ਦਾ ਰਾਜ ਹੈ ਅਤੇ ਇਹ ਘੱਟੋ-ਘੱਟ 1978 ਤੋਂ ਚੱਲਿਆ ਆ ਰਿਹਾ ਹੈ। ਪੁਲਸ ਬੇਖ਼ੌਫ਼ ਹੋ ਕੇ ਡਾਂਗਾਂ, ਗਾਲ੍ਹਾਂ ਦੀ ਵਰਖਾ ਕਰ ਰਹੀ ਹੈ ਅਤੇ ਕਈ ਦਰਜਨ ਲੋਕਾਂ ਦਾ ਜਿਸਮਾਨੀ ਨੁਕਸਾਨ ਕਰ ਚੁੱਕੀ ਹੈ। ਪੁਲਸ ਮੁਖੀ ਦਾ ਇਹ ਬਿਆਨ ਕਿ “ਇਹਨਾਂ ਨੂੰ ਡਾਂਗਾਂ ਮਾਰ-ਮਾਰ ਕੇ ਅੰਦਰ ਵਾੜ ਦਿਉ”, ਕਿਹੜੇ ਕਾਨੂੰਨ ਅਧੀਨ ਆਉਂਦਾ ਹੈ? (2) ਬਲਦੇਵ ਸਿੰਘ ਦਾ ਬਹਾਨਾ ਬਣਾ ਕੇ ਵਿਦੇਸ਼ੀ ਸਿੱਖਾਂ ਵਿਰੁੱਧ ਮੁਹਿੰਮ ਚਲਾਉਣਾ ਸਰਾਸਰ ਗ਼ੈਰ-ਕਾਨੂੰਨੀ ਕੰਮ ਸੀ। (3) ਸਿੱਖਾਂ ਨੂੰ ਬਦਨਾਮ ਕਰਨ ਦਾ ਹਰ ਕੰਮ ਪੰਜਾਬ ਪੁਲਸ ਕਿਹੜੇ ਕਾਨੂੰਨ ਅਧੀਨ ਕਰਦੀ ਹੈ?  ਕਦੇ ਕਰਤਾਰਪੁਰ ਦਾ ਲਾਂਘਾ, ਕਦੇ ਡਰੋਨ ਰਾਹੀਂ ਹਥਿਆਰ, ਕਦੇ ਕੁਝ ਹੋਰ! ਇਹ ਪੰਜਾਬ ਵਿੱਚ ਹੀ ਕਿਉਂ ਹੋ ਰਿਹਾ ਹੈ?


ਜਾਪਦਾ ਹੈ ਕਿ ਨਿਹੰਗ ਸਿੰਘ ਕਰਫ਼ਿਊ ਪਾਸ ਲੈ ਕੇ ਸਬਜ਼ੀ ਖ਼ਰੀਦਣ ਗਏ ਸਨ। ਪੁਲਸ ਨਾਲ ਤਕਰਾਰ ਇਸ ਲਈ ਹੋਇਆ ਕਿ ਪਾਸ ਇੱਕ ਸੀ ਤੇ ਇਸ ਨੂੰ ਤਿੰਨ ਜਾਂ ਚਾਰ ਲੋਕਾਂ ਲਈ ਪੁਲਿਸ ਕਾਫ਼ੀ ਨਹੀਂ ਸੀ ਸਮਝਦੀ। ਏਸ ਤਕਰਾਰ ਤੋਂ ਬਾਅਦ ਪੁਲਿਸ ਨੇ ਹੋਰ ਨਫ਼ਰੀ ਬੁਲਾ ਲਈ ਤੇ ਨਾਕਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਨਿਹੰਗ ਸਬਜ਼ੀ ਲੈ ਕੇ ਜਾਂ ਲਏ ਬਗੈਰ ਵਾਪਸ ਜਾਣ ਲੱਗੇ ਤਾਂ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਵਾਪਸ ਜਾਂਦਿਆਂ ਨੂੰ ਰੋਕਿਆ, ਡਾਂਗਾਂ ਨਾਲ ਕਾਰ ਤੋੜੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ। ਇਹ ਸਾਰਾ ਕੁਝ ਕਿਹੜੇ ਕਾਨੂੰਨ ਅਧੀਨ ਸੀ? ਪੁਲਸ ਲਾਗਲੇ ਪਿੰਡੋਂ ਬਲਵਿੰਦਰ ਸਿੰਘ ਦੀ ਮੁਟਿਆਰ ਬੇਟੀ ਅਤੇ ਘਰਵਾਲੀ ਨੂੰ ਕਿਹੜੇ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਕੇ ਲਿਆਈ? ਇਹਨਾਂ ਕਾਰਵਾਈਆਂ ਲਈ ਪੁਲਿਸ ਉੱਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਘੱਟੋ-ਘੱਟ ਅਗਵਾ ਅਤੇ ਨਾਜ਼ਾਇਜ਼ ਹਿਰਾਸਤ ਵਿੱਚ ਰੱਖਣ ਦੇ ਕੇਸ ਦਰਜ ਕੀਤੇ ਜਾਣੇ ਬਣਦੇ ਹਨ ― ਜੇ ਇੱਥੇ ਕਾਨੂੰਨ ਦਾ ਰਾਜ ਹੈ। 
ਇੱਕ ਕਸੂਰਵਾਰ ਬਦਲੇ 11 ਬੰਦਿਆਂ ਨੂੰ ਹਿਰਾਸਤ ਵਿੱਚ ਲੈਣਾ ਕਿਵੇਂ ਜਾਇਜ਼ ਹੈ? ਸਿਰਾਂ ਉੱਤੋਂ ਦਸਤਾਰਾਂ ਲਾਹ ਕੇ ਨੰਗੇ ਸਿਰ ਪੇਸ਼ ਕਰਨ ਵਾਲੀ ਪੁਲਸ ਵਿਰੁੱਧ ਧਾਰਮਿਕ ਚਿਨ੍ਹਾਂ ਦੀ ਬੇਅਦਬੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਵੀ ਬਣਦਾ ਹੈ। ਅਦਾਲਤ ਨੂੰ ਗੁੰਮਰਾਹ ਕਰ ਕੇ ਬਿਨਾਂ ਵਿਰੋਧੀ ਵਕੀਲ ਦੇ 11 ਦਿਨਾਂ ਦਾ ਰਿਮਾਂਡ ਲੈਣਾ ਕੀ ਗ਼ੈਰ ਕਾਨੂੰਨੀ ਨਹੀਂ? ਰਿਮਾਂਡ ਲਈ ਪੇਸ਼ ਕਰਨ ਦੀਆਂ ਤਸਵੀਰਾਂ ਤੋਂ ਜ਼ਾਹਰ ਹੈ ਕਿ ਨਿਹੰਗਾਂ ਉੱਤੇ ਹਿਰਾਸਤ ਵਿੱਚ ਘੋਰ ਤਸ਼ੱਦਦ ਹੋਇਆ ਹੈ। ਏਸ ਕੁਕਰਮ ਵਾਸਤੇ ਘੱਟੋ ਘੱਟ ਕਾਨੂੰਨੀ ਸਜ਼ਾ 7 ਸਾਲ ਹੈ। ਇਹ ਮੁਕੱਦਮਾ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।
ਸਭ ਤੋਂ ਵੱਧ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਇਹ ਸਭ ਓਸ ਜ਼ਿਲ੍ਹੇ ਵਿੱਚ ਹੋਇਆ ਹੈ ਜਿਸ ਦਾ ਪੁਲਸ ਮੁਖੀ ਚੰਗਾ ਸਿੱਖ ਹੈ ਅਤੇ ਸਿਰਕੱਢ ਸਿੱਖ ਘਰਾਣੇ ਨਾਲ ਤੁਅੱਲਕ ਰੱਖਦਾ ਹੈ। ਕਿਸ ਤਰ੍ਹਾਂ ਨਾਲ ਓਸ ਨੂੰ ਏਸ ਹੱਦ ਤੱਕ ਗੁੰਮਰਾਹ ਕੀਤਾ ਗਿਆ ਕਿ ਅਜਿਹੀਆਂ ਘਟਨਾਵਾਂ ਦੀ ਉਹ ਰੋਕਥਾਮ ਨਾ ਕਰ ਸਕਿਆ?
ਸਭ ਦੇ ਵੇਖਦਿਆ-ਵੇਖਦਿਆਂ ਪੰਜਾਬ ਅਰਾਜਕਤਾ ਦੀ ਖਾਈ ਵਿੱਚ ਰੁੜ੍ਹਦਾ ਚਲਾ ਜਾ ਰਿਹਾ ਹੈ। ਅੱਜ ਏਸ ਮੰਦਭਾਗੀ ਘਟਨਾ ਦਾ ਸਹਾਰਾ ਲੈ ਕੇ ਪੁਲਸ ਸਾਰੇ ਸਿੱਖ ਸਮਾਜ ਵਿਰੁੱਧ ਨਫ਼ਰਤ ਫ਼ੈਲਾ ਰਹੀ ਹੈ। ਇਹ ਤੁਰੰਤ ਬੰਦ ਹੋਵੇ। ਬਦਲਾ-ਲਊ ਕਾਰਵਾਈਆਂ ਬੰਦ ਹੋਣ।
ਅਸੀਂ ਆਮ ਲੋਕ ਕਿਸੇ ਦੀ ਪ੍ਰਜਾ ਨਹੀਂ, ਏਸ ਮੁਲਕ ਦੇ ਸ਼ਹਿਰੀ ਹਾਂ। ਪੁਲਸ ਗਾਲੀ-ਗਲੋਚ ਤੇ ਕੁੱਟ-ਮਾਰ ਤੋਂ ਬਾਜ਼ ਆਵੇ। ਕਿਸੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇ। ਕੋਵਿਡ-19 ਦੇ ਬਹਾਨੇ ਕੀਤਾ ਜਾ ਰਿਹਾ ਅਣਮਨੁੱਖੀ ਦਮਨ ਤੁਰੰਤ ਬੰਦ ਹੋਵੇ। ਲੋਕਾਂ ਨੂੰ, ਭੜਕਾ ਕੇ, ਕਾਨੂੰਨ ਆਪਣੇ ਹੱਥ ਲੈਣ ਦੇ ਰਾਹ ਨਾ ਤੋਰਿਆ ਜਾਵੇ। ਪੰਜਾਬ ਨੂੰ ਇਸ ਦਾ ਤਲਖ਼ ਤਜ਼ਰਬਾ ਪਿਛਲੇ ਦਹਾਕਿਆਂ ਵਿੱਚ ਹੋ ਚੁੱਕਾ ਹੈ।

 ਗੁਰਤੇਜ ਸਿੰਘ

Share This :

Leave a Reply