ਦੋ ਦਿਨਾਂ ਦੌਰਾਨ ‘ਹੋਮ ਆਈਸੋਲੇਸ਼ਨ’ ਵਿਚ ਭੇਜੇ 83 ਮਰੀਜ਼ਾਂ ਵਿਚੋਂ 5 ਮਰੀਜ਼ ਗੁਰਦਾਸਪੁਰ, ਲੁਧਿਆਣਾ, ਰੋਪੜ, ਕਪੂਰਥਲਾ ਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਆਈਸੋਲੇਸ਼ਨ ਵਾਰਡਾਂ ਤੋਂ ‘ਹੋਮ ਆਈਸੋਲੇਸ਼ਨ’ ਭੇਜੇ ਗਏ ਕੋਵਿਡ-19 ਮਰੀਜ਼ਾਂ ’ਤੇ ਸਬੰਧਤ ਸਬ ਡਵੀਜ਼ਨਾਂ ਦੇ ਐਸ.ਡੀ. ਐਮਜ਼ ਵੱਲੋਂ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਉਹ ‘ਹੋਮ ਆਈਸੋਲੇਸ਼ਨ’ ਦੀ ਉਲੰਘਣਾ ਨਾ ਕਰਨ । ਅੱਜ ਸ਼ਾਮ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਅੱਜ ਅਤੇ ਕਲ੍ਹ 83 ਵਿਅਕਤੀਆਂ ਨੂੰ ਸੋਧੀਆਂ ਗਾਈਡਲਾਈਨਜ਼ ਅਧੀਨ ਘਰਾਂ ਨੂੰ ਭੇਜੇ ਜਾਣ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਨ੍ਹਾਂ ’ਚੋਂ ਇੱਕ-ਇੱਕ ਮਰੀਜ਼ ਗੁਰਦਾਸਪੁਰ, ਲੁਧਿਆਣਾ, ਰੋਪੜ, ਕਪੂਰਥਲਾ ਤੇ ਪਟਿਆਲਾ ਨਾਲ ਸਬੰਧਤ ਹੋਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 78 ਵਿਅਕਤੀ ‘ਹੋਮ ਆਈਸੋਲੇਸ਼ਨ’ ’ਚ ਰਹਿ ਗਏ ਹਨ।

ਇਨ੍ਹਾਂ ਵਿਚ ਸਭ ਤੋਂ ਵਧੇਰੇ 52 ਮਰੀਜ਼ ਬਲਾਚੋਰ ਸਬ ਡਵੀਜ਼ਨ ਨਾਲ, 14 ਮਰੀਜ਼ ਨਵਾਂਸ਼ਹਿਰ ਸਬ ਡਵੀਜ਼ਨ ਨਾਲ ਅਤੇ 12 ਮਰੀਜ਼ ਬੰਗਾ ਸਬ ਡਵੀਜ਼ਨ ਨਾਲ ਸਬੰਧਤ ਹਨ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਬ ਡਵੀਜ਼ਨਾਂ ਦੇ ਐਸ.ਡੀ. ਐਮਜ਼ ਨੂੰ ਆਪਣੇ ਇਲਾਕੇ ਦੇ ਮਰੀਜ਼ਾਂ ਦੀ ਨਿਗਰਾਨੀ ਸਬੰਧੀ ਕੀਤੇ ਪ੍ਰਬੰਧਾਂ ਦੀ ਰਿਪੋਰਟ ਸੋਮਵਾਰ ਦੁਪਹਿਰ 12 ਵਜੇ ਤੱਕ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਿਵਲ ਹਸਪਤਾਲ ਨਾਲ ਸੰਪਰਕ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜੇਕਰ ‘ਹੋਮ ਆਈਸੋਲੇਟ’ ਕੀਤਾ ਕੋਈ ਵੀ ਵਿਅਕਤੀ ਬਾਹਰ ਘੁੰਮਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਪੁਲਿਸ ਕਾਰਵਾਈ ਤੋਂ ਇਲਾਵਾ ਉਸ ਨੂੰ ਦੁਬਾਰਾ ‘ਆਈਸੋਲੇਸ਼ਨ ਵਾਰਡ’ ’ਚ ਰੱਖਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।

Share This :

Leave a Reply