ਪਟਿਆਲਾ (ਅਰਵਿੰਦਰ ਸਿੰਘ) ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿੱਥੇ ਪੰਜਾਬ ਸਰਕਾਰ ਲਾਕ ਡਾਊਨ ਦੇ ਚਲਦਿਆਂ ਉਦਯੋਗ ਅਤੇ ਹੋਰ ਜ਼ਰੂਰੀ ਕੰਮਕਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਉੱਥੇ ਅਜਿਹੇ ਸਮੇਂ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਕਰੋਨਾ ਪੀੜਤ ਕਿਤਾਬਾਂ ਵੇਚਣ ਵਾਲੇ ਵਲੋਂ 100 ਦੇ ਕਰੀਬ ਪਰਿਵਾਰਾਂ ਨੂੰ ਕਿਤਾਬਾਂ ਵੇਚਣਾ ਬਹੁਤ ਗੰਭੀਰ ਵਿਸ਼ਾ ਹੈ। ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਿੰਸੀਪਲ ਜੇ. ਪੀ. ਸਿੰਘ ਜ. ਸਕੱਤਰ ਆਮ ਆਦਮੀ ਪਾਰਟੀ ਨੇ ਵਿਚਾਰ ਵਿਅਕਤ ਕੀਤੇ ਕਿ ਹਰ ਨਾਗਰਿਕ ਕਰੋਨਾ ਮਹਾਂਮਾਰੀ ਲਈ ਚਿੰਤਤ ਹੈ। ਸਮਾਜ ਦਾ ਹਰ ਅੰਗ ਇਸ ਵੇਲੇ ਖੜੋਤ ਦੀ ਸਥਿਤੀ ਵਿੱਚ ਹੈ। ਵਪਾਰੀ, ਕਿਸਾਨ, ਮੁਲਾਜ਼ਮ, ਮਜ਼ਦੂਰ, ਵਿਦਿਆਰਥੀ ਭਾਵ ਹਰ ਵਰਗ ਪੀੜਿਤ ਹੈ।
ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਹਰ ਉਸ ਵਰਗ ਦੀ ਮਦਦ ਲਈ ਅੱਗੇ ਆਈਆਂ ਹਨ ਜੋ ਇਸ ਲਾਕ ਡਾਊਨ ਕਾਰਣ ਸਿੱਧੇ ਪ੍ਰਭਾਵਤ ਹੋਏ ਹਨ। ਪ੍ਰੰਤੂ ਕਿਉਂਕਿ ਹੁਣ ਲੱਗ ਭਗ ਇੱਕ ਮਹੀਨਾ ਇਸ ਲਾਕ ਡਾਊਨ ਨੂੰ ਹੋ ਚੁੱਕਾ ਹੈ ਇਸ ਲਈ ਜਿੱਥੇ ਆਰਥਿਕਤਾ ਤਾਂ ਪ੍ਰਭਾਵਤ ਹੋ ਹੀ ਰਹੀ ਹੈ ਇਸ ਦੇ ਨਾਲ ਹੀ ਦਿਹਾੜੀਦਾਰ ਵਰਗ ਵੀ ਚਿੰਤਾਜਨਕ ਹਲਾਤਾਂ ਵਿਚੋਂ ਲੰਘ ਰਿਹਾ ਹੈ ਕਿਉਂਕਿ ਹਰ ਲੋੜਵੰਦ ਨੂੰ ਸਹਾਇਤਾ ਨਹੀਂ ਪਹੁੰਚ ਰਹੀ ਅਤੇ ਅੱਜ ਵੀ ਸਮਾਜ ਸੇਵਕਾਂ ਨੂੰ ਮਦਦ ਲਈ ਲੋੜਵੰਦਾਂ ਵਲੋਂ ਫੋਨ ਆ ਰਹੇ ਹਨ । ਇਸੇ ਕਾਰਨ ਸਰਕਾਰ ਵੀ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਕੁੱਝ ਜ਼ਰੂਰੀ ਪਾਬੰਦੀਆਂ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਪ੍ਰੰਤੂ ਅਜਿਹੇ ਸਮੇਂ ਸਰਕਾਰ ਅਤੇ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਕਿਤਾਬਾਂ ਵੇਚਣ ਲਈ ਜਿੱਥੇ ਪੁਸਤਕ ਵਿਕਰੇਤਾ ਜਿੰਮੇਵਾਰ ਹੈ ਉੱਥੇ ਉਹ ਸਕੂਲ ਵੀ ਜ਼ਿਮੇਵਾਰ ਹੈ ਜਿਸ ਨੇ ਮਾਪਿਆਂ ਨੂੰ ਲਾਕ ਡਾਊਨ ਹੋਣ ਦੇ ਬਾਵਜ਼ੂਦ ਵੀ ਬੱਚਿਆਂ ਲਈ ਮਾਪਿਆਂ ਨੂੰ ਕਿਤਾਬਾਂ ਖਰੀਦਣ ਲਈ ਮਜ਼ਬੂਰ ਕੀਤਾ। ਪ੍ਰਿੰਸੀਪਲ ਜੇ. ਪੀ. ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਪ੍ਰਚਾਰ ਵਧਾਇਆ ਜਾਵੇ ਅਤੇ ਇਸ ਵਿੱਚ ਵਿਰੋਧੀ ਪਾਰਟੀਆਂ ਦਾ ਸਹਿਯੋਗ ਵੀ ਲਿਆ ਜਾਵੇ।