ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਿਨਾਂ ਪਾਸ ਤੋਂ ਵੀ ਮੈਡੀਕਲ ਐਮਰਜੈਂਸੀ ਵਾਲਿਆਂ ਨੂੰ ਹਸਪਤਾਲ ਤੱਕ ਪੁੱਜਣ ’ਚ ਕੋਈ ਰੁਕਾਵਟ ਨਾ ਆਉਣ ਦੇਣ ਦੀ ਹਦਾਇਤ ਕੀਤੀ ਹੈ। ਕੁੱਝ ਲੋਕਾਂ ਵੱਲੋਂ ਮੈਡੀਕਲ ਐਮਰਜੈਂਸੀ ਪਾਸ ਜਾਰੀ ਹੋਣ ’ਚ ਆ ਰਹੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ’ਚ ਲਿਆਂਦੇ ਜਾਣ ’ਤੇ ਉਨ੍ਹਾਂ ਉਕਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ 5 ਮਈ ਨੂੰ ਜਾਰੀ ਕੀਤੇ ਹੁਕਮਾਂ ’ਚ ਮੈਡੀਕਲ ਐਮਰਜੈਂਸੀ ਹੋਣ ’ਤੇ ਮਾਰਕੀਟ ’ਚ ਵਾਹਨ ਲਿਆਉਣ ’ਤੇ ਮੈਡੀਕਲ ਪਰਚੀ ਹੀ ਕਾਫ਼ੀ ਹੋਣ ਬਾਰੇ ਹੁਕਮ ਜਾਰੀ ਕੀਤੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਸਬੰਧੀ ਕਿਸੇ ਵੀ ਮੁਸ਼ਕਿਲ ਦਾ ਤੁਰੰਤ ਹੱਲ ਹੋਣਾ ਸਭ ਤੋਂ ਉੱਪਰ ਹੈ ਅਤੇ ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਹੰਗਾਮੀ ਹਾਲਤ ’ਚ ਹਸਪਤਾਲ ਲਈ ਆਉਣਾ ਪੈਂਦਾ ਹੈ ਤਾਂ ਇਸ ਸਬੰਧੀ ਪੁਲਿਸ ਨਾਕਿਆਂ ’ਤੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਮਰੀਜ਼ ਦੀ ਹਾਲਤ ਦੇਖ ਕੇ ਹੀ ਉਸ ਨੂੰ ਬਿਨਾਂ ਪਾਸ ਤੋਂ ਲੰਘਣ ਨੂੰ ਸੁਨਿਸ਼ਚਿਤ ਬਣਾਵੇਗਾ।
ਸ੍ਰੀ ਬਬਲਾਨੀ ਅਨੁਸਾਰ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਕਿਸੇ ਦੀ ਡਾਕਟਰ ਨਾਲ ਪਹਿਲਾਂ ਤੋਂ ਮੁਲਾਕਾਤ ਨਿਰਧਾਰਿਤ ਹੈ ਤਾਂ ਉਹ ਇੱਕ ਦਿਨ ਪਹਿਲਾਂ ਆਪਣਾ ਈ ਪਾਸ ਅਪਲਾਈ ਕਰੇ, ਜਿਸ ਸਬੰਧੀ ਸਮੂਹ ਐਸ ਡੀ ਐਮਜ਼ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਮੈਡੀਕਲ ਐਮਰਜੈਂਸੀ ਜਾਂ ਸੇਵਾ ਨਾਲ ਸਬੰਧਤ ਈ ਪਾਸ ਅਰਜ਼ੀ ਉਸੇ ਦਿਨ ਨਿਪਟਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਡੀਕਲ ਐਮਰਜੈਂਸੀ ਹੋਣ ਜਾਂ ਮੈਡਕਲ ਸੇਵਾ ਲਈ ਈ ਪਾਸ ਦੀ ਸੂਰਤ ’ਚ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਦੀ ਵਰਤੋਂ ਦੀ ਸ਼ਰਤ ’ਚ ਵੀ ਪੁਲਿਸ ਮੌਕੇ ਦੀ ਨਜ਼ਾਕਤ ਮੁਤਾਬਕ ਢਿੱਲ ਦੇ ਸਕਦੀ ਹੈ ਤਾਂ ਜੋ ਮਰੀਜ਼ ਨਾਲ ਆਉਣ-ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।