
ਅੰਮ੍ਰਿਤਸਰ (ਮੀਡੀਆ ਬਿਊਰੋ ) ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਦੇ ਕਰਮਚਾਰੀ, ਜੋ ਕਿ ਕਰਫਿਊ ਵਾਲੇ ਦਿਨ ਤੋਂ ਲਗਾਤਾਰ ਤਨ ਅਤੇ ਮਨ ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਵਿਚ ਲੱਗੇ ਹੋਏ ਹਨ, ਨੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਵਿਚ ਵਿੱਤੀ ਯੋਗਦਾਨ ਪਾਉਣ ਦੇ ਇਰਾਦੇ ਨਾਲ ਆਪਣੀ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਲਈ ਅਤੇ ਇਕ ਦਿਨ ਦੀ ਤਨਖਾਹ ਰੈਡ ਕਾਰਸ ਅੰਮ੍ਰਿਤਸਰ ਵੱਲੋਂ ਕਾਇਮ ਕੀਤੇ ਫੰਡ ਲਈ ਦੇਣ ਦਾ ਐਲਾਨ ਕੀਤਾ ਹੈ। ਰੈਡ ਕਰਾਸ ਭਵਨ ਵਿਚ ਕੋਵਿਡ 19 ਦੀਆਂ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਧਾਨ ਸ੍ਰੀ ਅਰਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਸ੍ਰੀ ਦੀਪਕ ਅਰੋੜਾ, ਵਧੀਕ ਜਨਰਲ ਸਕੱਤਰ ਸ੍ਰੀ ਅਮਨਦੀਪ ਸਿੰਘ ਸੇਖੋਂ, ਸੀਨੀਅਰ ਮੀਤ ਪ੍ਰਧਾਨ ਪਿ੍ਰਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਅਤੇ ਵਿੱਤ ਸਕੱਤਰ ਸ੍ਰੀ ਸਾਹਿਬ ਕੁਮਾਰ ਦੀ ਅਗਵਾਈ ਹੇਠ ‘ਦਾ ਡਿਸਟਿਕ ਆਫਿਸ ਇੰਪਲਾਇਜ਼ ਐਸੋਸੀਏਸ਼ਨ’ ਅੰਮਿ੍ਰਤਸਰ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ।

ਸ੍ਰੀ ਦੀਪਕ ਅਰੋੜਾ ਨੇ ਦੱਸਿਆ ਕਿ ਸਾਰੇ ਕਰਮਚਾਰੀਆਂ ਨੇ ਫੋਨ ਉਤੇ ਆਪਣੀ ਸਹਿਮਤੀ ਇਸ ਨੇਕ ਕਾਰਜ ਲਈ ਦਿੱਤੀ ਹੈ, ਜਿਸ ਦੀ ਸਾਨੂੰ ਅਥਾਹ ਖੁਸ਼ੀ ਹੈ। ਉਨਾਂ ਕਿਹਾ ਕਿ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਤ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਬੇਹੱਦ ਸਲਾਹੁਣਯੋਗ ਹਨ, ਜੋ ਕਿ ਨਿੱਤ ਹੀ ਹਜ਼ਾਰਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਨ। ਉਨਾਂ ਕਿਹਾ ਕਿ ਸਾਰੇ ਕਰਮਚਾਰੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਇਸ ਕਠਿਨ ਮੌਕੇ ਜਿੱਥੇ ਵਿੱਤੀ ਯੋਗਦਾਨ ਦਿੱਤਾ ਜਾਵੇ, ਉਥੇ ਮਾਣਯੋਗ ਡਿਪਟੀ ਕਮਿਸ਼ਨਰ ਨਾਲ ਤਨੋਂ-ਮਨੋਂ ਦਿਨ-ਰਾਤ ਇਕ ਕਰਕੇ ਲੋੜਵੰਦਾਂ ਲਈ ਕੰਮ ਕੀਤਾ ਜਾਵੇ। ਇਸ ਮੌਕੇ ਕਰਮਚਾਰੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਨੂੰ ਆਪਣੇ ਇਸ ਫੈਸਲੇ ਤੋਂ ਜਾਣੂੰ ਕਰਵਾਉਂਦੇ ਹੋਏ ਸਹਿਮਤੀ ਪੱਤਰ ਵੀ ਦਿੱਤਾ, ਜਿੰਨਾ ਨੇ ਕਰਮਚਾਰੀਆਂ ਵੱਲੋਂ ਦਿੱਤੇ ਇਸ ਯੋਗਦਾਨ ਦੀ ਰੱਜਵੀ ਤਾਰੀਫ਼ ਕੀਤੀ। ਇਸ ਮੌਕੇ ਉਨਾਂ ਨਾਲ ਸ੍ਰੀ ਸੌਰਵ ਕੁਮਾਰ, ਸ੍ਰੀ ਵਿਕਰਮ ਰਾਮਪਾਲ, ਸ੍ਰੀ ਪਾਰਸ ਧਵਨ, ਸ੍ਰੀ ਅਰਵਿੰਦਰ ਭੱਟੀ, ਸ੍ਰੀ ਮਨਦੀਪ ਖਿਆਲਾ, ਸ੍ਰੀ ਹਰਪ੍ਰੀਤ ਸਿੰਘ, ਹਰਵਿੰਦਰ ਕੌਰ ਅਤੇ ਸ੍ਰੀਮਤੀ ਨੀਨਾ ਕੁਮਾਰੀ ਵੀ ਨਾਲ ਪਹੁੰਚੇ।




















