ਡਾਕਟਰੀ ਲੋੜਾਂ ਲਈ ਜ਼ਿਲਾ ਪ੍ਰਸ਼ਾਸ਼ਨ ਨੇ ਦਿੱਤੀ ਟੈਕਸੀ ਕੰਪਨੀ ‘ਉਬਰ’ ਨੂੰ ਆਗਿਆ

ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ 19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੇ ਚੱਲਦੇ ਆਮ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ, ਲਿਆਉਣ ਤੇ ਉਨਾਂ ਦੀ ਦੇਖਭਾਲ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ ਆਉਣ-ਜਾਣ ਲਈ ਜਿਲਾ ਪ੍ਰਸ਼ਾਸ਼ਨ ਵੱਲੋਂ ਟੈਕਸੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਉਬਰ ਇੰਡੀਆ ਨਾਲ ਹੱਥ ਮਿਲਾਇਆ ਗਿਆ ਹੈ। ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਸਮਝੌਤੇ ਦਾ ਵਿਸਥਾਰ ਦੱਸਦੇ ਕਿਹਾ ਕਿ ਇਹ ਟੈਕਸੀ ਉਬਰ ਦੇ ਐਪ ਤੋਂ ਆਮ ਦੀ ਤਰਾਂ ਹੀ ਬੁੱਕ ਹੋਵੇਗੀ ਪਰ ਇਸ ਦੀ ਵਰਤੋਂ ਕੇਵਲ ਤੇ ਕੇਵਲ ਮਰੀਜ਼ ਅਤੇ ਉਸਦੇ ਪਰਿਵਾਰਕ ਮੈਂਬਰ ਆਪਣੇ ਘਰ ਤੋਂ ਹਸਪਤਾਲ ਜਾਂ ਹਸਪਤਾਲ ਤੋਂ ਘਰ ਤੱਕ ਹੀ ਕਰ ਸਕਣਗੇ।

ਉਨਾਂ ਸਪੱਸ਼ਟ ਕੀਤਾ ਕਿ ਇਕ ਵੇਲੇ ਡਰਾਈਵਰ ਤੋਂ ਇਲਾਵਾ 2 ਯਾਤਰੀ ਹੀ ਟੈਕਸੀ ਵਿਚ ਸਵਾਰੀ ਕਰ ਸਕਣਗੇ। ਉਨਾਂ ਦੱਸਿਆ ਕਿ ਉਬਰ ਇਸ ਲਈ 25 ਟੈਕਸੀਆਂ ਦਿਨ-ਰਾਤ ਸ਼ਹਿਰ ਵਿਚ ਚਲਾ ਸਕੇਗਾ ਅਤੇ ਇਸ ਸਫਰ ਬਦਲੇ ਆਪਣੇ ਸਟੈਂਟਰਡ ਕਿਰਾਇਆ ਵਸੂਲੇਗਾ। ਇਸ ਸੇਵਾ ਨੂੰ ‘ਉਬਰ ਇਸੈਂਸਲ’ ਦਾ ਨਾਮ ਦਿੱਤਾ ਗਿਆ ਹੈ। ਟੈਕਸੀ ਕੰਪਨੀ ਨਾਲ ਕੀਤੇ ਗਏ ਸਮਝੌਤੇ ਅਨੁਸਾਰ ਸਾਰੇ ਡਰਾਈਵਰ ਦੀ ਸਮੇਂ-ਸਮੇਂ ਸਿਹਤ ਦਾ ਨਿਰੀਖਣ, ਵਹੀਕਲ ਨੂੰ ਸੈਨੇਟਾਈਜ਼ ਕਰਨਾ ਅਤੇ ਮਾਸਕ ਤੇ ਹੱਥ ਸਾਫ ਕਰਨ ਲਈ ਸੈਨੇਟਾਈਜ਼ ਦਾ ਪ੍ਰਬੰਧ ਕਰਨਾ ਤੇ ਉਸਦੀ ਵਰਤੋਂ ਕਰਨੀ ਵੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਰੋਜ਼ਾਨਾ ਆਪਣੀਆਂ ਟੈਕਸੀ ਦੀ ਯਤਾਰਾ ਰਿਪੋਰਟ ਜਿਲਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਦੇਵੇਗੀ, ਤਾਂ ਕਿ ਜਾਂਚ ਕੀਤੀ ਜਾ ਸਕੇ ਕਿ ਕਿਧਰੇ ਟੈਕਸੀ ਦੀ ਦੁਰਵਰਤੋਂ ਤਾਂ ਨਹੀਂ ਕੀਤੀ ਗਈ।
ਉਬਰ ਨੇ ਇਸ ਸਮੇਂ ਦੌਰਾਨ ਹੀ ਜਿਲਾ ਪ੍ਰਸ਼ਾਸ਼ਨ ਖਾਸ ਕਰਕੇ ਹਸਪਤਾਲਾਂ ਵਿਚ ਕੰਮ ਕਰਦੇ ਡਾਕਟਰਾਂ ਤੇ ਹੋਰ ਅਮਲੇ ਲਈ ‘ਉਬਰ ਮੈਡਿਕ’ ਨਾਮ ਹੇਠ ਰੋਜ਼ਾਨਾ 20 ਟੈਕਸੀਆਂ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਹ ਟੈਕਸੀਆਂ ਉਸ ਅਮਲੇ ਦੀ ਵਰਤੋਂ ਵਿਚ ਆ ਸਕਣਗੀਆਂ, ਜੋ ਕਿ ਫਰੰਟ ਲਾਇਨ ਉਤੇ ਕੰਮ ਕਰ ਰਹੇ ਹਨ। ਉਕਤ ਟੈਕਸੀ ਸਿਵਲ ਸਰਜਨ ਦਫਤਰ ਦੇ ਨਿਰਦੇਸ਼ ਉਤੇ ਕੰਮ ਕਰਨਗੀਆਂ, ਚਾਹੇ ਉਹ ਇਸ ਨੂੰ ਗੁਰੂ ਨਾਨਕ ਹਸਪਤਾਲ ਭੇਜਣ ਜਾਂ ਆਪਣੇ ਹੋਰ ਹਸਪਤਾਲਾਂ ਜਾਂ ਫੀਲਡ ਵਿਚ ਕੰਮ ਕਰਦੇ ਅਮਲੇ ਲਈ। ਉਕਤ ਸੇਵਾ ਜੋ ਕਿ ਕੇਵਲ ਸਿਹਤ ਸੇਵਾ ਦੇ ਖੇਤਰ ਵਿਚ ਕੰਮ ਕਰਦੇ ਅਮਲੇ ਲਈ ਹੈ, ਲਈ ਸਿਹਤ ਵਿਭਾਗ ਦੇ ਕੰਟਰੋਲ ਰੂਮ 0183-2535322, 2535323 ਉਤੇ ਫੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Share This :

Leave a Reply