ਅਮਰੀਕਾ ਵਿਚ ਕੋਰੋਨਵਾਇਰਸ ਨਾਲ 1552 ਹੋਰ ਮੌਤਾਂ, ਮੌਤਾਂ ਦੀ ਗਿਣਤੀ 93533 ਹੋਈ।
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਨਿਰੰਤਰ ਫੈਲ ਰਹੀ ਕੋਵਿਡ-19 ਉਪਰ ਚਿੰਤਾ ਪ੍ਰਗਟ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਬਿਮਾਰੀਆਂ ‘ਤੇ ਨਿਯੰਤਰਣ ਤੇ ਰੋਕਥਾਮ ਬਾਰੇ ਕੇਂਦਰ (ਸੀ.ਡੀ.ਸੀ) ਦੇ ਸਰਹੱਦੀ ਪਾਬੰਦੀਆਂ ਬਾਰੇ ਹੁਕਮ ਦੀ ਮਿਆਦ ਨੂੰ ਅਣਮਿਥੇ ਸਮੇਂ ਲਈ ਵਧਾ ਦਿੱਤਾ ਹੈ। ਇਸ ਹੁਕਮ ਤਹਿਤ ਸਰਹੱਦ ਉਪਰ ਤਾਇਨਾਤ ਸੰਘੀ ਅਧਿਕਾਰੀ ਅਮਰੀਕਾ ਵਿਚ ਦਾਖਲ ਹੁੰਦੇ ਅਣਅਧਿਕਾਰਤ ਲੋਕਾਂ ਨੂੰ ਫੌਰੀ ਉਨਾਂ ਦੇ ਮੂਲ ਦੇਸ਼ ਵੱਲ ਵਾਪਿਸ ਭੇਜ ਰਹੇ ਹਨ। ਸੀ.ਡੀ.ਸੀ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਆਪਣੇ ਹੁਕਮ ਵਿਚ ਲਿਖਿਆ ਹੈ ਕਿ ਉਸ ਸਮੇ ਜਦੋਂ ਕੋਰੋਨਾਵਾਇਰਸ ਵਿਰੁੱਧ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਅਸਰਦਾਇਕ ਹਨ, ਅਜਿਹੇ ਵਿਚ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਅੰਦਰ ਆਉਣ ਦੀ ਇਜਾਜਤ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਘਟਾਕੇ ਨਹੀਂ ਵੇਖਿਆ ਜਾ ਸਕਦਾ।
ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਸੀ.ਡੀ.ਸੀ ਦੇ ਅਗਲੇ ਹੁਕਮਾਂ ਤੱਕ ਇਹ ਨਿਰਦੇਸ਼ ਲਾਗੂ ਰਹਿਣਗੇ। ਸੀ. ਡੀ. ਸੀ ਨੇ ਕਿਹਾ ਹੈ ਕਿ ਉਸ ਦੀ ਇਨਾਂ ਹੁਕਮਾਂ ਉਪਰ ਹਰੇਕ 30 ਦਿਨਾਂ ਬਾਅਦ ਨਜਰਸਾਨੀ ਕਰਨ ਦੀ ਯੋਜਨਾ ਹੈ।
1552 ਹੋਰ ਮੌਤਾਂ-
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਕਾਰਨ 1552 ਹੋਰ ਮਰੀਜ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 93533 ਹੋ ਗਈ ਹੈ ਜਦ ਕਿ 20289 ਨਵੇਂ ਮਰੀਜ ਹਸਪਤਾਲਾਂ ਵਿਚ ਦਾਖਲ ਹੋਏ ਹਨ। ਇਸ ਤਰਾਂ ਪੀੜਤ ਮਰੀਜਾਂ ਦੀ ਗਿਣਤੀ 15,70,583 ਹੋ ਗਈ ਹੈ। 4797 ਹੋਰ ਮਰੀਜ ਠੀਕ ਹੋਏ ਹਨ ਜਿਨਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ। ਹੁਣ ਤੱਕ 3,61,180 ਮਰੀਜ ਠੀਕ ਹੋ ਚੁੱਕੇ ਹਨ। ਲੋਕਾਂ ਦੇ ਸਿਹਤਮੰਦ ਹੋਣ ਦੀ ਦਰ 79% ਹੈ। ਇਕੱਲੇ ਨਿਊਯਾਰਕ ਵਿਚ ਹੁਣ ਤੱਕ 28648 ਅਮਰੀਕੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਮੌਤਾਂ ਦੇ ਮਾਮਲੇ ਵਿਚ ਦੂਸਰਾ ਸਥਾਨ ਨਿਊਜਰਸੀ ਦਾ ਹੈ ਜਿਥੇ 10591 ਮੌਤਾਂ ਹੋ ਚੁੱਕੀਆਂ ਹਨ।
ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ-
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾਵਾਇਰਸ ਤੋਂ ਬਚਾਅ ਲਈ ਗੈਰ ਪ੍ਰਵਾਨਤ ਹਾਈਡਰੌਕਸੀਕਲੋਰੋਕੁਈਨ ਦਵਾਈ ਲੈਣ ਦੇ ਬਿਆਨ ਉਪਰੰਤ ਡਾਕਟਰਾਂ, ਪੱਤਰਕਾਰਾਂ ਤੇ ਰਾਜਸੀ ਆਗੂਆਂ ਨੇ ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ। ਫੌਕਸ ਨਿਊਜ ਐਂਕਰ ਨੀਲ ਕੈਵੂਟੋ ਰਾਸ਼ਟਰਪਤੀ ਵੱਲੋਂ ਦਿੱਤੇ ਬਿਆਨ ਤੋਂ ਹੈਰਾਨ ਹਨ। ਉਨਾਂ ਨੇ ਹਾਈਡਰੌਕਸੀਕਲੋਰੋਕੁਈਨ ਦੀ ਵਰਤੋਂ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਦੇ ਖਾਣ ਨਾਲ ਮਾੜੇ ਸਿਹਤ ਹਾਲਾਤ ਵਿਚ ਰਹਿ ਰਹੇ ਲੋਕਾਂ ਦੀ ਮੌਤ ਹੋ ਸਕਦੀ ਹੈ। ਕੈਵੂਟੋ ਅਨੁਸਾਰ ਤਰਾਸਦੀ ਇਹ ਹੈ ਕਿ ਰਾਸ਼ਟਰਪਤੀ ਕਹਿੰਦੇ ਹਨ ਕਿ ਤੁਹਾਡੇ ਕੋਲ ਗਵਾਉਣ ਲਈ ਕੀ ਹੈ? ਉਨਾਂ ਕਿਹਾ ਕਿ ਮਾੜੇ ਹਾਲਾਤ ਵਿਚ ਰਹਿੰਦੀ ਅਬਾਦੀ ਕੋਲ ਇਕ ਚੀਜ ਗਵਾਉਣ ਲਈ ਹੈ, ਉਹ ਹੈ ਉਨਾਂ ਦੀ ਜਾਨ।