ਕੈਲੀਫੋਰਨੀਆ, (ਹੁਸਨ ਲੜੋਆ ਬੰਗਾ) ਬੀਤੇ ਦਿਨ ਟਰੇਸੀ, ਕੈਲੀਫੋਰਨੀਆ ਦੇ ਇੱਕ ਗੁਰਦੁਆਰਾ ਵੱਲ ਕੁਝ ਅਣਪਛਾਤਿਆਂ ਲੋਕਾਂ ਵਲੋਂ ਗੋਲੀਆਂ ਚਲਾਉਣ ਦੀ ਖ਼ਬਰ ਨੇ ਇਕ ਵਾਰ ਤਾਂ ਸਥਾਨਕ ਸਿੱਖ ਭਾਇਚਾਰੇ ਨੂੰ ਦਹਿਸ਼ਤ ਚ ਪਾ ਦਿੱਤਾ ਸੀ ਪਰ ਹਕੀਕਤ ਕੁਝ ਹੋਰ ਨਿਕਲਣ ਕਾਰਣ ਭਾਈਚਾਰੇ ਨੇ ਸੁੱਖ ਦਾ ਸਾਹ ਲਿਆ। ਫਿਰ ਵੀ ਸਥਾਨਕ ਪੁਲੀਸ ਨੇ ਇਸ ਨੂੰ ਗੰਭਿਰਤਾ ਚ ਲੈਂਦੇ ਹੋਏ ਪੰਜ ਵਿਆਕਤੀ ਹਿਰਾਸਤ ਚ ਲੈ ਲਏ ਗਏ ਹਨ। ਸੈਨ ਵਾਕਿਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਿਕ ਸ਼ਾਮ ਛੇ ਵਜੇ ਤੋਂ ਬਾਅਦ, ਉਨਾਂ ਨੂੰ ਕਈ ਰਿਪੋਰਟਾਂ ਮਿਲੀਆਂ ਕਿ ਕਿਸੇ ਨੇ ਵੈਸਟ ਗ੍ਰਾਂਟ ਲਾਈਨ ਰੋਡ ਤੋਂ ਥੋੜ੍ਹੀ ਦੇਰ ਤੱਕ ਸਿੱਖ ਗੁਰਦੁਆਰਾ ਵੱਲ ਗੋਲੀਆਂ ਚਲਾਈਆਂ ਹਨ ਤੇ ਇਤਲਾਹ ਕਰਨ ਵਾਲਿਆਂ ਨੇ ਕਿਹਾ ਕਿ ਗੋਲੀਬਾਰੀ ਹੈਨਸਨ ਰੋਡ ‘ਤੇ ਨਜ਼ਦੀਕੀ ਜਾਇਦਾਦ ਤੋਂ ਆ ਰਹੀ ਸੀ।
ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਟ੍ਰੇਸੀ ਪੁਲੀਸ ਅਫਸਰਾਂ ਨੇ ਘਟਨਾ ਵਾਲੀ ਥਾਂ ਤੇ ਜਾ ਕੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨਾਂ ਕੋਲੋਂ ਤਿੰਨ ਰਾਈਫਲਾਂ ਤੇ ਦੋ ਪਸਤੋਲ ਬਰਾਮਦ ਕੀਤੇ ਗਏ ਹਨ ਤੇ ਉਨਾਂ ਉਪਰ ਅਣਗਹਿਲੀ ਨਾਲ ਵਰਤੇ ਅਸਲੇ ਦਾ ਕੇਸ ਪਾਇਆ ਗਿਆ ਹੈ । ਪੁਲੀਸ ਦੀ ਜਾਂਚ ਤੋਂ ਬਾਅਦ , ਪਤਾ ਚਲਿਆ ਹੈ ਕਿ ਇੱਕ ਪਰਿਵਾਰ ਦੇ ਮੈਂਬਰ ਜ਼ਮੀਨੀ ਖੰਭਿਆਂ ਵਿੱਚ ਗੋਲੀ ਮਾਰ ਰਹੇ ਸਨ ਤੇ ਕੁਝ ਗੋਲੀਆਂ ਦੀ ਦਿਸ਼ਾ ਗੁਰਦੁਆਰਾ ਵੱਲ ਚਲੇ ਗਈ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਸੀ ਪਰ ਨੇੜੇ ਹੀ ਇੱਕ ਖੜੀ ਕਾਰ ਦੀ ਇੱਕ ਖਿੜਕੀ ਵਿੱਚ ਗੋਲੀ ਜਰੂਰ ਲੱਗੀ ਜਿਸਦੇ ਸ਼ੀਸੇ ਟੱਟ ਗਏ। ਗੁਰਦੁਆਰਾ ਸਾਹਿਬ ਵਿੱਚ ਸਭ ਕੁਝ ਬੰਦ ਹੋਣ ਕਰਕੇ ਸੰਗਤ ਦੀ ਭੀੜ ਨਹੀਂ ਸੀ। ਸਥਾਨਕ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।