ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਨੇੜਲੇ ਪਿੰਡ ਚੱਕਮਾਫੀ ਵਿਖੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਲਾਕ ਖੇਤੀਬਾੜੀ ਅਫਸਰ ਡਾ. ਰੰਗੀਲ ਸਿੰਘ ਦੀ ਅਗਵਾਈ ਹੇਠਾਂ ਝੋਨੇ ਦੀ ਸਿੱਧੀ ਬਿਜਾਈ ਅਗਾਂਹਵਧੂ ਕਿਸਾਨ ਸੁਰਿੰਦਰ ਸਿੰਘ ਦੇ ਖੇਤ ਵਿਚ ਕਾਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫਸਰ ਡਾ. ਸਨਦੀਪ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਬਿਜਾਈ ਦਾ ਖਰਚਾ ਘੱਟਦਾ ਹੈ, ਉਥੇ ਹੀ ਵੱਡਮੁੱਲੇ ਕੁਦਰਤੀ ਸਰੋਤ ਪਾਣੀ ਦੀ ਬਚਤ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 10 ਤੋਂ 15 ਪ੍ਰਤੀਸ਼ਤ ਪਾਣੀ ਦੀ ਬਚਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਪਾਣੀ ਦੀ ਕਿੱਲਤ ਨਾਲ ਜਦੋਂ ਸਾਰਾ ਸੰਸਾਰ ਜੂਝ ਰਿਹਾ ਹੈ, ਅਜਿਹੇ ਹਾਲਾਤਾਂ ਵਿਚ ਪਾਣੀ ਦੀ ਬਚਤ ਕਰਨੀ ਬਹੁਤ ਜਰੂਰੀ ਹੋ ਜਾਂਦੀ ਹੈ। ਉਨ੍ਹਾਂ ਕਿਸਾਨ ਨੂੰ ਦੱਸਿਆ ਕਿ ਝੋਨੇ ਦੇ ਸਿੱਧੀ ਬਿਜਾਈ ਸਮੇ ਖੇਤ-ਤਰ-ਵੱਤਰ ਹੋਣਾ ਚਾਹੀਦਾ ਹੈ। ਖੇਤ ਨੂੰ ਲੇਜ਼ਰ ਕਰਾਹ ਲੱਗਾ ਕੇ ਪੱਧਰਾ ਕਰਨਾ ਲਾਜ਼ਮੀ ਹੈ। ਇਕ ਏਕੜ ਵਿਚ ਬੀਜ ਦੀ ਮਾਤਰਾ 08 ਕਿਲੋ ਤੋਂ ਵੱਧ ਨਹੀਂ ਹੋਣੀ ਚਾਹੀਦੀ । ਸਿਆੜ ਤੋਂ ਸਿਆੜ ਫਾਸਲਾ 9 ਇੰਚ ਹੋਣਾ ਚਾਹੀਦਾ। ਸਭ ਤੋਂ ਜਰੂਰੀ ਬੀਜ ਨੂੰ 1. 25 ਤੋਂ 1. 50 ਇੰਚ ਤੋਂ ਵੱਧ ਡੂੰਘਾ ਨਾ ਬੀਜੋ। ਇਸ ਡੂੰਘਾਈ ਨੂੰ ਇਕਸਾਰ ਕਰਨ ਲਈ ਸੁਹਾਗਾ ਦੂਹਰਾ ਮਾਰੋ। ਉਨ੍ਹਾਂ ਕਿਸਾਨ ਨੂੰ ਅਪੀਲ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਮੇਂ ਕਿਸੇ ਤਰ੍ਹਾਂ ਦੀ ਖਾਦ ਨਾ ਪਾਉਣ।ਬਿਜਾਈ ਉਪਰੰਤ ਪੈਂਡੀਮੈਥਲੀਨ ਇਕ ਲੀਟਰ ਦਾ ਛਿੜਕਾ 200 ਲੀਟਰ ਪਾਣੀ ਪ੍ਰਤੀ ਏਕੜ ਵਿਚ ਵਰਤਣ ਅਤੇ ਛਿੜਕਾਓ ਸ਼ਾਮ ਵੇਲੇ ਹੀ ਕਰਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਵਲੋ ਕਿਸਾਨ ਵੀਰਾ ਨੂੰ ਕੁਦਰਤੀ ਸੋਮਿਆ ਨੂੰ ਬਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੱਟਸਐਪ ਗਰੁੱਪ ਰਾਹੀਂ ਅਤੇ ਯੂ-ਟਿਊਬ ਚੈਨਲ ਰਾਹੀਂ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ, ਦਿਲਪ੍ਰੀਤ ਸਿੰਘ ਅਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।