ਠੀਕ ਹੋਈ ਔਰਤ ਨੂੰ ਖਮਾਣੋਂ ਵਿਖੇ 15 ਦਿਨ ਲਈ ਇਕਾਂਤਵਾਸ ਵਿੱਚ ਰੱਖਿਆ
ਫ਼ਤਹਿਗੜ੍ਹ ਸਾਹਿਬ (ਸੂਦ)- ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਔਰੰਗਾਬਾਦ ਤੋਂ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਆਈਆਂ 02 ਔਰਤਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ ਇਕ ਔਰਤ ਦੇ ਕੋਰੋਨਾ ਸਬੰਧੀ ਦੋਵੇਂ ਟੈਸਟ ਨੈਗੇਟਿਵ ਆਉਣ ’ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਸ ਨੂੰ ਖਮਾਣੋਂ ਵਿਖੇ 15 ਦਿਨ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਈ ਗਈ ਦੂਜੀ ਔਰਤ ਦੇ ਦੁਬਾਰਾ ਸੈਂਪਲ ਲੈ ਕੇ ਕੱਲ੍ਹ ਜਾਂਚ ਲਈ ਭੇਜੇ ਜਾਣਗੇ। ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਘਰਾਂ ਵਿੱਚ ਰਹਿ ਕੇ ਹੀ ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਅਤਿ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਤੇ ਜਦੋਂ ਵੀ ਘਰੋਂ ਬਾਹਰ ਨਿਕਲਨਾ ਹੈ, ਉਦੋਂ ਮਾਸਕ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇ।