ਜਿਲੇ ਵਿਚ ਹੁਣ ਤੱਕ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੰਡਿਆ ਜਾ ਚੁੱਕਾ ਰਾਸ਼ਨ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ (ਮੀਡੀਆ ਬਿਊਰੋ ) ਪੰਜਾਬ ਸਰਕਾਰ ਵੱਲੋਂ ਕੋਵਿਡ 19 ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀਆਂ ਜ਼ਰੂਰੀ ਲੋੜਾਂ, ਜਿਸ ਵਿਚ ਰੋਟੀ ਸਭ ਤੋਂ ਮੁੱਖ ਦੀ ਪੂਰਤੀ ਲਈ ਜਿਲੇ ਭਰ ਵਿਚ ਲੋੜਵੰਦ ਪਰਿਵਾਰਾਂ ਤੱਕ ਸੁੱਕਾ ਰਾਸ਼ਨ ਅਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਰਾਹਤ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਰਾਹਤ ਦੇ ਨੋਡਲ ਅਧਿਕਾਰੀ ਸ੍ਰੀ ਸੰਦੀਪ ਰਿਸ਼ੀ ਸਾਰੀਆਂ ਧਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਉਨਾਂ ਦੀ ਨਿਗਰਾਨੀ ਹੇਠ ਟੀਮਾਂ ਸਾਰੇ ਜਿਲੇ ਵਿਚ ਰਾਹਤ ਦੇ ਕੰਮ ਵੇਖ ਰਹੀਆਂ ਹਨ।

ਸ. ਢਿੱਲੋਂ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਅਸੀਂ ਇਕ ਲੱਖ 7 ਹਜ਼ਾਰ 200 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਇਆ ਕਰਵਾ ਚੁੱਕੇ ਹਾਂ, ਜੋ ਪੰਜਾਬ ਸਰਕਾਰ, ਰੈਡ ਕਰਾਸ, ਗੈਰ ਸਰਕਾਰੀ ਸੰਸਥਾਵਾਂ ਤੋਂ ਆਈ ਮਦਦ ਤੋਂ ਇਲਾਵਾ ਹੋਰ ਸੰਸਥਾਵਾਂ ਤੋਂ ਆਈ ਰਸਦ ਸਦਕਾ ਸੰਭਵ ਹੋਇਆ ਹੈ। ਉਨਾਂ ਦੱਸਿਆ ਕਿ ਲੰਗਰ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਧਾ ਸੁਆਮੀ ਬਿਆਸ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੱਡਾ ਯੋਗਦਾਨ ਪਾਇਆ। ਤਿਆਰ ਲੰਗਰ ਕਰਫਿਊ ਵਾਲੇ ਦਿਨ ਤੋਂ ਹੁਣ ਤੱਕ 17 ਲੱਖ 74 ਹਜ਼ਾਰ 500 ਬੰਦਿਆਂ ਨੂੰ ਵਰਤਾਇਆ ਜਾ ਚੁੱਕਾ ਹੈ। ਉਨਾਂ ਨੇ ਸਿਵਲ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਵੱਲੋਂ ਇਸ ਮੌਕੇ ਨਿਭਾਈ ਗਈ ਸੇਵਾ ਦੀ ਸਰਾਹਨਾ ਕਰਦੇ ਕਿਹਾ ਕਿ ਪੁਲਿਸ ਨੇ ਵੀ ਇਸ ਲੋੜ ਮੌਕੇ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਸ. ਢਿੱਲੋਂ ਨੇ ਕਿਹਾ ਕਿ ਅਜੇ ਵੀ ਲੰਗਰ ਤੇ ਰਾਸ਼ਨ ਦਾ ਇਹ ਕੰਮ ਜਾਰੀ ਹੈ ਅਤੇ ਜੇਕਰ ਕਿਸੇ ਸੰਸਥਾ ਨੇ ਯੋਗਦਾਨ ਪਾਉਣਾ ਹੋਵੇ ਜਾਂ ਕਿਸੇ ਲੋੜਵੰਦ ਨੂੰ ਮਦਦ ਚਾਹੀਦੀ ਹੋਵੇ ਤਾਂ ਉਹ ਸਾਡੇ ਕੰਟਰੋਲ ਰੂਮ 0183-2500398, 2500498, 2500598 ਉਤੇ ਫੋਨ ਕਰ ਸਕਦਾ ਹੈ।

Share This :

Leave a Reply