ਨਵਾਂ ਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ-19 ਨਮੂਨਿਆਂ ਦੇ ਨਤੀਜਿਆਂ ਚੋਂ ਇਕ ਵਿਅਕਤੀ ਅਤੇ ਇਕ ਮਹਿਲਾ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਪਿੰਡ ਚੰਦਿਆਣੀ ਖੁਰਦ ਨਾਲ ਸਬੰਧਤ ਇਕ 38 ਸਾਲਾਂ ਵਿਅਕਤੀ ਇੱਕ ਹਫ਼ਤਾ ਪਹਿਲਾਂ ਕੁਵੈਤ ਤੋਂ ਪਰਤਿਆ ਸੀ, ਜਿਸ ਨੂੰ ਇਹਤਿਆਤ ਵਜੋਂ ਰਿਆਤ ਕਾਲਜ ਰੈਲ ਮਾਜਰਾ ਦੇ ਇਕਾਂਤਵਾਸ ਚ ਰੱਖਿਆ ਗਿਆ ਸੀ।
ਉਸ ਦਾ ਕੱਲ੍ਹ ਟੈਸਟ ਲਿਆ ਗਿਆ ਸੀ, ਜੋ ਕਿ ਪਾਜ਼ਿਟਿਵ ਆਇਆ। ਇਸੇ ਤਰਾਂ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ ਤੋਂ ਆਪਣੇ ਮਾਪਿਆਂ ਕੋਲ ਆਈ ਸੀ ਅਤੇ ਉਸ ਨੂੰ ਵੀ ਰੈਲ ਮਾਜਰਾ ਦੇ ਇਕਾਂਤਵਾਸ ਚ ਰੱਖਿਆ ਗਿਆ ਸੀ, ਦਾ ਟੈਸਟ ਵੀ ਪਾਜ਼ਿਟਿਵ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਕੋਵਿਡ-19 ਨੂੰ ਤੁਰੰਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਣਾਏ ਕੋਵਿਡ-19 ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਵਾਲੇ ਕੇਸਾਂ ਨੂੰ ਮਿਲਾ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਚਾਰ ਐਕਟਿਵ ਕੇਸ ਹੋ ਗਏ ਹਨ।