ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਪੇਂਡੂ ਅਤੇ ਸ਼ਹਿਰੀ ਦੁਕਾਨਾਂ ਨੂੰ ਖੋਲ੍ਹਣ ਲਈ ਸ਼ਰਤਾਂ ਸਮੇਤ ਛੋਟਾਂ ਦੇ ਹੁਕਮ ਜਾਰੀ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ )  ਕੋਵਿਡ 19 ਨੂੰ ਫ਼ੈਲਣ ਤੋਂ ਰੋਕਣ ਲਈ ਜ਼ਿਲ੍ਹਾ ਭਰ ਵਿੱਚ ਕਰਫ਼ਿਊ ਜ਼ਾਰੀ ਹੈ। ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮਿਤੀ 5 ਅਪ੍ਰੈਲ 2020 ਨੂੰ ਕੁਝ ਸ਼੍ਰੇਣੀਆਂ ਨੂੰ ਸ਼ਰਤਾਂ ਤਹਿਤ ਛੋਟ ਦਿੱਤੀ ਗਈ ਸੀ। ਇਹਨਾਂ ਛੋਟਾਂ ਵਿੱਚ ਵਾਧਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਝ ਅਦਾਰਿਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸੰਸਥਾਵਾਂ ਨੂੰ ਕਰਫ਼ਿਊ ਤੋਂ ਛੋਟ ਦਿੱਤੀ ਗਈ ਹੈ।ਇਸ ਸਬੰਧੀ ਨਵੇਂ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜ਼ਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚ ਉਹ ਦੁਕਾਨਾਂ ( ਮਾਲ ਨੂੰ ਛਡ ਕੇ ) ਜਿਹੜੀਆਂ ਕਿ ਸ਼ਾਪਸ ਅਤੇ ਐਸਟੈਬਲਿਸ਼ਮੈਂਟ ਐਕਟ ਅਧੀਨ ਰਜਿਸਟਰਡ ਹਨ ਨੂੰ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਵਿੱਚ ਸਿਰਫ਼ ਉਹ ਦੁਕਾਨਾਂ ਜੋ ਰਿਹਾਇਸ਼ੀ ਇਲਾਕਿਆਂ ਅੰਦਰ ਜਾਂ ਨਾਲ ਲੱਗਦੀਆਂ ਹੋਣ ਨੂੰ ਪ੍ਰਸ਼ਾਸਨ ਵੱਲੋਂ ਬਣਾਏ ਗਏ ਰੋਸਟਰ ਮੁਤਾਬਿਕ ਖੋਲ੍ਹਣ ਦੀ ਇਜ਼ਾਜਤ ਹੋਵੇਗੀ। ਜਿਹੜੀਆਂ ਦੁਕਾਨਾਂ ਸ਼ਾਪਿੰਗ ਮਾੱਲ ਅਤੇ ਮਾਰਕੀਟ ਕੰਪਲੈਕਸ ਵਿੱਚ ਹਨ ਉਨ੍ਹਾਂ ਤੇ ਕਰਫ਼ਿਊ ਦੀ ਰੋਕ ਜ਼ਾਰੀ ਰਹੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਘੋਸ਼ਿਤ ਕੰਟੇਨਮੈਂਟ ਜ਼ੋਨ ਵਿੱਚ ਇਹ ਛੋਟਾਂ ਲਾਗੂ ਨਹੀਂ ਹੋਣਗੀਆਂ।ਸ੍ਰੀ ਥੋਰੀ ਨੇ ਦੱਸਿਆ ਕਿ ਜ਼ਰੂਰੀ ਵਸਤੂਆਂ ਜਾਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਜਿਵੇਂ ਆਟਾ ਚੱਕੀ, ਰਾਸ਼ਨ ਦੀਆਂ ਦੁਕਾਨਾਂ, ਦੁੱਧ ਦੀ ਡੇਅਰੀ, ਫ਼ਲ ਸਬਜ਼ੀਆਂ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ, ਕਰਿਆਨਾ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ, ਹੋਮਿਓਪੈਥਿਕ ਅਤੇ ਆਯੂਰਵੈਦਿਕ ਦਵਾਈਆਂ ਦੀਆਂ ਦੁਕਾਨਾਂ, ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ, ਪੋਲਟਰੀ ਅਤੇ ਜਾਨਵਰਾਂ ਦੀ ਖੁਰਾਕ, ਖਾਦ ਅਤੇ ਬੀਜਾਂ ਦੀਆਂ ਦੁਕਾਨਾਂ, ਖੇਤੀਬਾੜੀ ਸੰਦਾਂ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ ਸਾਰੇ ਦਿਨ ਸਵੇਰ 7 ਵਜੇ ਤੋਂ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜ਼ਤ ਹੋਵੇਗੀ।ਰੈਸਟੋਰੈਂਟ, ਫ਼ਾਸਟ ਫ਼ੂਡ, ਹਲਵਾਈ, ਜੂਸ ਦੀਆਂ ਦੁਕਾਨਾਂ, ਬੇਕਰੀ, ਕਨਫ਼ੈਕਸ਼ਨਰੀ ਅਤੇ ਆਈਸਕਰੀਮ ਪਾਰਲਰ ਨੂੰ ਹਫ਼ਤੇ ਦੇ ਸਾਰੇ ਦਿਨ ਘਰ ਘਰ ਡਿਲੀਵਰੀ ਕਰਨ ਦੀ ਇਜ਼ਾਜ਼ਤ ਹੋਵੇਗੀ। ਇਸ ਦੇ ਨਾਲ ਹੀ ਇਨ੍ਹਾਂ ਦੁਕਾਨਾਂ ਤੋਂ ਵਸਤੂਆਂ ਖਰੀਦ ਕੇ ਘਰ ਲਿਜਾਈਆਂ ਜਾ ਸਕਣਗੀਆਂ।ਪਲੰਬਰ ਅਤੇ ਇਲੈਕਟ੍ਰੀਸ਼ਨ, ਪੱਖੇ, ਏ.ਸੀ. ਰਿਪੇਅਰ ਦੀਆਂ ਦੁਕਾਨਾਂ, ਸੈਨੇਟਰੀ, ਬਿਜਲੀ ਸਮਾਨ, ਉਸਾਰੀ ਦਾ ਸਮਾਨ, ਵਾਹਨ ਮੁਰੰਮਤ, ਵਰਕਸ਼ਾਪ, ਡੈਂਟਿੰਗ ਪੇਂਟਿੰਗ, ਸਾਈਕਲ ਸਟੋਰ ਅਤੇ ਮੁਰੰਮਤ, ਹਾਰਡਵੇਅਰ ਅਤੇ ਪੇਂਟ, ਫ਼ਰਨੀਚਰ, ਪਲਾਈਵੁੱਡ, ਇਨਵਰਟਰ ਬੈਟਰੀ, ਕੰਪਿਊਟਰ, ਲੈਪਟਾਪ, ਮੋਬਾਇਲ, ਘੜੀਆਂ ਵੇਚਣ ਅਤੇ ਮੁਰੰਮਤ, ਫ਼ੋਟੋਸਟੇਟ ਅਤੇ ਮੋਬਾਇਲ ਰਿਚਾਰਜ਼, ਆਰ.ਓ. ਫ਼ਰਿੱਜ, ਮਾਈਕਰੋਵੇਵ, ਐੱਲ.ਈ.ਡੀ., ਓਵਨ, ਗੈਸ ਸਟੋਵ ਆਦਿ ਵਿਕ੍ਰੇਤਾ ਅਤੇ ਮੁਰੰਮਤ ਨਾਲ ਸਬੰਧਤ ਦੁਕਾਨਾਂ ਨੂੰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰ 7 ਤੋਂ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜ਼ਤ ਹੋਵੇਗੀ।ਗਿਫ਼ਟ ਅਤੇ ਖਿਡੌਣੇ, ਪ੍ਰਿੰਟਿੰਗ ਪ੍ਰੈੱਸ, ਕੱਪੜੇ, ਬੂਟ, ਬੁਟੀਕ ਆਦਿ, ਕਾਸਮੈਟਿਕ, ਖੇਡਾਂ ਦਾ ਸਮਾਨ, ਬੈਗ, ਡਰਾਈਕਲੀਨ, ਗਹਿਣੇ, ਫ਼ੋਟੋ ਸਟੂਡੀਓ, ਪਲਾਸਟਿਕ ਸਮਾਨ ਵਿਕ੍ਰੇਤਾ, ਜਨਰਲ ਸਟੋਰ ਆਦਿ ਨਾਲ ਸਬੰਧਤ ਦੁਕਾਨਾਂ ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਵੇਰ 7 ਤੋਂ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜ਼ਤ ਹੋਵੇਗੀ।ਉਪਰੋਕਤ ਤੋਂ ਇਲਾਵਾ ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ , ਤੰਬਾਕੂ ਅਤੇ ਸਿਗਰਟ ਵਿਕ੍ਰੇਤਾ, ਬਿਊਟੀ ਪਾਰਲਰ, ਆਈਲੈੱਟਸ ਕੋਚਿੰਗ ਸੈਂਟਰ, ਟਰੇਨਿੰਗ ਅਤੇ ਕੋਚਿੰਗ ਸੈਂਟਰ, ਸਿਨੇਮਾ ਹਾਲ, ਹੋਟਲ, ਜ਼ਿੰਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਥਿਏਟਰ, ਬਾਰ, ਸ਼ਰਾਬ ਦੀਆਂ ਦੁਕਾਨਾਂ, ਆਡੀਟੋਰੀਅਮ ਅਤੇ ਕੋਈ ਵੀ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਵਿੱਦਿਅਕ ਇਕੱਠ ਤੇ ਲਗਾਈ ਗਈ ਪਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।ਸ੍ਰੀ ਥੋਰੀ ਨੇ ਕਿਹਾ ਕਿ ਜਿੰਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਗਈ ਹੈ ਉੱਥੇ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। ਇਸ ਲਈ ਦੁਕਾਨਾਂ ਦੇ ਬਾਹਰ ਢੁਕਵੀਂ ਦੂਰੀ ਤੇ ਘੇਰੇ ਬਣਾਏ ਜਾਣ ਤਾਂ ਜੋ ਇਕੱਠ ਨਾ ਹੋਵੇ। 50 ਫ਼ੀਸਦੀ ਸਟਾਫ਼ ਨਾਲ ਹੀ ਦੁਕਾਨ ਦਾ ਕੰਮ ਚਲਾਇਆ ਜਾਵੇ। ਮਾਸਕ, ਹੈਂਡ ਵਾਸ਼ ਸਬੰਧੀ ਸੇਫ਼ਟੀ ਪ੍ਰਾਟੋਕਾਲ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਹੁਤ ਜ਼ਰੂਰੀ ਵਸਤੂਆਂ ਲੈਣ ਲਈ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣ ਕੀਤੀ ਜਾਵੇ ਤਾਂ ਜੋ ਰਲ ਮਿਲ ਕੇ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।

Share This :

Leave a Reply