ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 7 ਸ਼ੱਕੀ ਮਰੀਜ਼, 5 ਦੀ ਰਿਪੋਰਟ ਨੈਗੇਟਿਵ- ਸਿਵਲ ਸਰਜਨ

ਸਿਵਲ ਹਸਪਤਾਲ ਦੀ ਅੰਦਰੂਨੀ ਦ੍ਰਿਸ਼।

ਫਤਹਿਗੜ੍ਹ ਸਾਹਿਬ / ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਹੁਣ ਤੱਕ 7 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਚੋਂ 5 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਮਰੀਜ਼ਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।ਇਹ ਜਾਣਕਾਰੀ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਧਤੋਂਦਾ ਪਿੰਡ ਦਾ ਇਕ ਮਰੀਜ਼ ਸਿੰਘਾਪੁਰ ਤੋਂ ਆਇਆ ਸੀ, ਜਿਸ ਨੂੰ ਇਤਿਹਾਦ ਦੇ ਤੌਰ ‘ਤੇ ਹਸਪਤਾਲ ਵਿਚ ਰੱਖਿਆ ਗਿਆ ਸੀ ਜਿਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਆਇਸੋਲੇਟ ਕਰਨ ਤੋਂ ਬਾਅਦ ਉਨ੍ਹਾਂ ਦੇ ਘਰ ਭੇਜ ਦਿੱਤਾ ਹੈ ਪਰ ਮਰੀਜ਼ ਨੂੰ ਸਾਵਧਾਨੀ ਦੇ ਤੌਰ ‘ਤੇ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਕ ਵਿਅਕਤੀ ਲਿਬਨਾਨ ਅਤੇ ਇਕ ਪੁਰਤਗਾਲ ਤੋਂ ਆਇਆ ਹੈ, ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ , ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਫ਼ਵਾਹਾਂ ਤੋਂ ਬਚਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਸ਼ਲ ਮੀਡੀਆ ਉਪਰ ਕੋਈ ਕਰੋਨਾ ਵਾਈਰਸ ਸਬੰਧੀ ਪੋਸਟ ਆਉਂਦੀ ਹੈ ਤਾਂ ਉਸ ਪੋਸਟ ਦੀ ਸਚਾਈ ਜਾਣਨ ਤੋਂ ਪਹਿਲਾਂ ਉਸ ਨੂੰ ਅੱਗੇ ਪੋਸਟ ਨਾ ਕੀਤਾ ਜਾਵੇ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਿਹਤ ਵਿਭਾਗ ਫਤਹਿਗੜ੍ਹ ਸਾਹਿਬ ਦੀ ਟੀਮ ਦਿਨ ਰਾਤ ਕੰਮ ਕਰ ਰਹੀ ਹੈ, ਹਸਪਤਾਲ ਵਿਚ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਜਨਤਾ ਕਰਫ਼ਿਊ ਦੀ ਪੂਰਨ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ।

Share This :

Leave a Reply